The gardener ingenuity saved : ਮਨੀਮਾਜਰਾ ’ਚ ਐਕਸਿਸ ਬੈਂਕ ਵਿਚ ਪੈਟਰੋਲ ਪੰਪ ਦੀ ਸੇਲ ਦੀ 10 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਆਏ ਦੋ ਮੁਲਾਜ਼ਮਾਂ ਦੇ ਹੱਥੋਂ ਨਕਾਬਪੋਸ਼ ਲੁਟੇਰੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪੈਸਿਆਂ ਵਾਲਾ ਬੈਗ ਲੈ ਕੇ ਭੱਜ ਨਿਕਲੇ। ਉਥੇ ਕੋਲ ਹੀ ਬੈਠੇ ਹੋਰਟੀਕਲਚਰ ਵਿਭਾਗ ਦੇ ਹੈੱਡ ਮਾਲੀ ਨੇ ਆਪਣੀ ਸੂਝ-ਬੂਝ ਤੇ ਬਹਾਦਰੀ ਨਾਲ ਕੰਮ ਲੈਂਦਿਆਂ ਲੁਟੇਰੇ ਦਾ ਪਿੱਛਾ ਕੀਤਾ ਅਤੇ ਉਨ੍ਹਾਂ ’ਤੇ ਪੱਥਰ ਮਾਰਿਆ, ਜਿਸ ਨਾਲ ਲੁਟੇਰਿਆਂ ਦੇ ਹੱਥੋਂ ਬੈਗ ਛੁੱਟ ਗਿਆ ਪਰ ਲੁਟੇਰਾ ਫਰਾਰ ਹੋਣ ’ਚ ਸਫਲ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਮੌਲੀਜਾਗਰਾਂ ਥਾਣਾ ਇੰਚਾਰਜ ਜੁਲਦਾਨ ਸਿੰਘ ਆਪਣੀ ਟੀਮ ਨਾਲ ਉਥੇ ਪਹੁੰਚੇ ਅਤੇ ਪੈਟਰੋਲ ਪੰਪ ਦੇ ਦੋਵੇਂ ਮੁਲਾਜ਼ਮਾਂ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਸਵਾ ਗਿਆਰ੍ਹਾਂ ਵਜੇ ਗਿਰਧਾਰੀ ਲਾਲ ਅਤੇ ਜੈ ਸਿੰਘ ਪੈਟਰੋਲ ਪੰਪ ਦੀ ਸੇਲ ਦੇ 10 ਲੱਖ ਰੁਪਏ ਜਮ੍ਹਾ ਕਰਵਾਉਣ ਐਕਸਿਸ ਬੈਂਕ ਆਏ ਸਨ। ਜਿਵੇਂ ਹੀ ਗਿਰਧਾਰੀ ਲਾਲ ਨੇ ਬੈਂਕ ਦੇ ਬਾਹਰ ਮੋਟਰਸਾਈਕਿਲ ਖੜ੍ਹਾ ਕੀਤਾ ਤਾਂ ਪਿੱਛੋਂ ਹੈਲਮੇਟ ਪਾ ਕੇ ਇਕ ਲੁਟੇਰੇ ਨੇ ਜੈ ਸਿੰਘ ਦੇ ਹੱਥ ’ਤੇ ਤੇਜ਼ ਹਥਿਆਰ ਨਾਲ ਵਾਰ ਕਰਕੇ ਉਸ ਦੇ ਹੱਥੋਂ ਬੈਗ ਖੋਹ ਲਿਆ ਤੇ ਉਥੋਂ ਭੱਜਣ ਲੱਗਾ। ਜੈ ਸਿੰਘ ਇਸ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਦੋਂ ਲੁਟੇਰੇ ਬੈਂਕ ਦੇ ਪਿੱਛੇ ਕੱਚੇ ਰਸਤੇ ਤੋਂ ਜੰਗਲ ਵੱਲ ਭੱਜਦੇ ਦੇਖੇ ਤਾਂ ਜੈ ਸਿੰਘ ਅਤੇ ਗਿਰਧਾਰੀ ਲਾਲ ਪਿੱਛੇ ਭੱਜੇ ਅਤੇ ਉਨ੍ਹਾਂ ਨੇ ਮਦਦ ਲਈ ਰੌਲਾ ਪਾਇਆ। ਬੈਂਕ ਦੇ ਬਾਹਰ ਚਾਹ ਦੇ ਠੇਲੇ ’ਤੇ ਉਸ ਸਮੇਂ ਚੰਡੀਗੜ੍ਹ ਬਾਗਬਾਨੀ ਵਿਭਾਗ ਦਾ ਹੈੱਡ ਮਾਲੀ ਸ਼ਸ਼ੀ ਤਿਵਾਰੀ ਚਾਹ ਪੀ ਰਹੇ ਸਨ।
ਰੌਲਾ ਸੁਣਦੇ ਹੀ ਮਾਲੀ ਉਸ ਦੇ ਪਿੱਛੇ ਭੱਜਿਆ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਦੇ ਹੋਏ ਲੁਟੇਰੇ ਦੇ ਪੱਥਰ ਮਾਰਿਆ, ਜੋਕਿ ਲੁਟੇਰੇ ਦੀ ਪਿੱਠ ’ਤੇ ਜਾ ਕੇ ਵੱਜਾ। ਪੱਥਰ ਡਿੱਗਦੇ ਹੀ ਲੁਟੇਰਾ ਕੱਚੇ ਰਸਤੇ ’ਤੇ ਡਿੱਗ ਗਿਆ ਅਤੇ ਉਸ ਦੇ ਹੱਥੋਂ ਬੈਗ ਛੁੱਟ ਗਿਆ ਅਤੇ ਉਹ ਜੰਗਲ ਵਿਚ ਫਰਾਰ ਹੋ ਗਿਆ। ਜੈ ਸਿੰਘ ਦੇ ਹੱਥ ’ਤੇ 12 ਟਾਂਕੇ ਲੱਗੇ ਹਨ। ਜੈ ਸਿੰਘ ਨੇ ਦੱਸਿਆ ਕਿ ਲੁਟੇਰੇ ਦੇ ਸੱਜੇ ਹੱਥ ਵਿਚ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਸ ਨੇ ਵਾਰ ਕੀਤਾ।