ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ‘ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਬੂੰਦਾਬਾਦੀ ਦੇ ਵਿਚ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਗੁਰੂਘਰ ਦਾ ਆਸ਼ੀਰਵਾਦ ਲਿਆ। ਰੁਕ-ਰੁਕ ਕੇ ਹੋ ਰਹੇ ਮੀਂਹ ਦੇ ਵਿਚ ਸੁਲਤਾਨਪੁਰ ਲੋਧੀ ਪਹੁੰਚਣ ਵਾਲੀ ਸੰਗਤ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ। ਮੌਸਮ ਦੇ ਬਦਲੇ ਮਿਜਾਜ਼ ‘ਤੇ ਸੰਗਤ ਦੀ ਆਸਥਾ ਭਾਰੀ ਪਈ।
ਅੱਜ ਅੰਮ੍ਰਿਤ ਵੇਲੇ ਤੋਂਹੀ ਵੱਡੀ ਗਿਣਤੀ ਵਿਚ ਸੰਗਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣੀ ਸ਼ੁਰੂ ਹੋ ਗਈ ਤੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਇਸਨਾਨ ਕਰਨ ਦੇ ਬਾਅਦ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਦਾ ਸਿਲਿਸਲਾ ਲਗਾਤਾਰ ਜਾਰੀ ਰਿਹਾ। ਗੁਰਦੁਆਰਾ ਸਾਹਿਬ ਵਿਚ ਸੰਗਤ ਨੇ ਕੀਰਤਨ ਸਰਵਣ ਕੀਤਾ ਤੇ ਫਿਰ ਗੁਰੂ ਜੀ ਵੱਲੋਂ ਲਗਾਈ ਗਈ ਬੇਰੀ ਸਾਹਿਬ ਤੇ ਭੌਰਾ ਸਾਹਿਬ ਦੇ ਦਰਸ਼ਨ ਕੀਤੇ।
ਐੱਸਜੀਪੀਸੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਵਿਚ ਸੰਗਤ ਦੀਆਂ ਸਹੂਲਤਾਂ ਲਈ ਖਾਸ ਵਿਵਸਥਾ ਕੀਤੀ ਗਈ ਸੀ। ਸੰਗਤ ਦੇ ਨਿਵਾਸ ਤੇ ਲੰਗਰ ਲਈ ਉਚਿਤ ਪ੍ਰਬੰਧ ਕੀਤੇ ਗਏ। ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਸਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਐਤਵਾਰ ਦੀ ਰਾਤ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਚ ਆਯੋਜਿਤ ਧਾਰਮਿਕ ਸਮਾਰੋਹ ਵਿਚ ਕਥਾਵਾਚਕਾਂ ਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਤੇ ਕਥਾ ਨਾਲ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ‘ਤੇ ਕਵੀ ਦਰਬਾਰ ਵੀ ਕਰਵਾਇਆ ਗਿਆ। ਭਾਈ ਹਰਜੀਤ ਸਿੰਘ ਪ੍ਰਚਾਰਕ ਤੇ ਕਥਾਵਾਚਕ ਭਾਈ ਕਰਨਜੀਤ ਸਿੰਘ ਆਹਲੀ ਨੇ ਕਥਾ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸ਼ਾਮ ਨੂੰ ਗੁਰਦੁਆਰੇ ਵਿਚ ਸੰਗਤ ਨੇ ਮਨਮੋਹਕ ਦੀਪਮਾਲਾ ਕੀਤੀ ਤੇ ਦੇਰ ਰਾਰ ਨੂੰ ਆਤਿਸ਼ਬਾਜ਼ੀ ਹੋਈ।
ਵੀਡੀਓ ਲਈ ਕਲਿੱਕ ਕਰੋ : –