Curfew in these areas of Amritsar : ਅੰਮ੍ਰਿਤਸਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ 10 ਦਿਨਾਂ ਲਈ ਫੁਲ ਟਾਈਮ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਅੰਮ੍ਰਿਤਸਰ ਦੇ ਛੇ ਇਲਾਕਿਆਂ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕੀਆਂ ਵਾਲੀ, ਸ਼ਮਿਲਾ ਮਾਰਕੀਟ ਅਤੇ ਕਟੜਾ ਬੱਘੀਆਂ ਵਿਚ 10 ਦਿਨ ਲਈ ਪੂਰੀ ਤਰ੍ਹਾਂ ਤੋਂ ਕਰਫਿਊ ਲਗਾਇਆ ਗਿਆ ਹੈ। ਇਥੇ ਸਿਰਫ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਵਿਆਹ ਸਮਾਰੋਹ ਵਿਚ ਸਿਰਫ 30 ਲੋਕ, ਜਦਕਿ ਅੰਤਿਮ ਸੰਸਕਾਰ ਵਿਚ 20 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੈ।
ਐਡਿਸ਼ਨਲ ਡਿਪਟਜੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਜ਼ਿਲ੍ਹੇ ਵਿਚ ਰੋਜ਼ ਔਸਤਨ 50 ਮਰੀਜ਼ ਹੀ ਆਉਂਦੇ ਸਨ, ਪਰ ਹੁਣ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ ਪਾਜ਼ੀਟਿਵ ਪਾਏ ਜਾਂਦੇ ਹਨ। 24 ਅਗਸਤ ਨੂੰ ਇਕ ਹੀ ਦਿਨ 100 ਤੋਂ ਵੱਧ ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿਚ ਆਏ ਹਨ, ਜੋ ਖਤਰੇ ਦੀ ਘੰਟੀ ਹੈ। ਇਨ੍ਹਾਂ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ। ਇਸੇ ਦੇ ਮੱਦੇਨਜ਼ਰ ਸ਼ਹਿਰ ਵਿਚ 6 ਇਲਾਕੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਜਾ ਚੁੱਕੇ ਹਨ, ਜਿਥੇ ਲਗਾਤਾਰ 10 ਦਿਨ ਤੱਕ ਕਰਫਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਸਰਗਰਮੀ ’ਤੇ ਰੋਕ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਸਮੇਂ ’ਤੇ ਸਰਕਾਰ ਵੱਲੋ ਸ਼ਨੀਵਾਰ ਅਤੇ ਐਤਵਾਰ ਨੂੰ ਰੋਜ਼ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰੀ ਤਰ੍ਹਾਂ ਤੋਂ ਕਰਫਿਊ ਲਗਾਇਆ ਗਿਆ ਹੈ। ਇਸ ਵਿਚ ਡਾਕਟਰੀ ਸਹਾਇਤਾ, ਮੁਸਾਫਰਾਂ ਅਤੇ ਵਸਤੂਆਂ ਦੀਆਂ ਸਰਗਰਮੀਆਂ ਦੀ ਇਜਾਜ਼ਤ ਹੈ, ਪਰ ਗੈਰ-ਜ਼ਰੂਰੀ ਸਰਗਰਮੀਆਂ ’ਤੇ ਰੋਕ ਰਹੇਗੀ।