Demanded action against tattoo artist : ਚੰਡੀਗੜ੍ਹ ਵਿੱਚ ਬਾਂਦਰ ਨਾਲ ਵੀਡੀਓ ਬਣਾਉਣ ਵਾਲੇ ਦੋ ਦੋਸ਼ੀਆਂ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ ਦੋਵਾਂ ਨੂੰ ਪਿਛਲੇ ਦਿਨੀਂ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਯੂਟੀ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਅਦਾਲਤ ਦੇ ਉਸ ਹੁਕਮ ਨੂੰ ਬਦਲਣ ਲਈ ਪਟੀਸ਼ਨ ਲਗਾਈ ਹੈ, ਜਿਸ ’ਤੇ ਹੁਣ ਮੰਗਲਵਾਰ ਨੂੰ ਸੁਣਵਾਈ ਹੋਵੇਗੀ।
ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਬਣਾਉਣ ਤੋਂ ਬਾਅਦ ਉਸ ਬਾਂਦਰ ਨੂੰ ਛੱਡ ਦਿੱਤਾ ਸੀ ਪਰ ਡਿਪਾਰਟਮੈਂਟ ਨੂੰ ਅਜੇ ਤੱਕ ਉਹ ਬਾਂਦਰ ਨਹੀਂ ਮਿਲਿਆ ਹੈ। ਬਾਂਦਰਾਂ ਨੂੰ ਅਜੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਜ਼ਰੂਰੀ ਹੈ, ਤਾਂਜੋ ਬਾਂਦਰ ਨੂੰ ਕਿੱਥੇ ਛੱਡਿਆ ਸੀ, ਦਾ ਪਤਾ ਲਗਾਇਆ ਜਾ ਸਕੇ।
ਦੱਸਣਯੋਗ ਹੈ ਕਿ ਬੀਤੇ ਅਗਸਤ ਮਹੀਨੇ ਵਿੱਚ ਯੂਟੀ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਮਸ਼ਹੂਰ ਟੈਟੂ ਆਰਟਿਸਟ ਕਮਲਜੀਤ ਸਿੰਘ ਅਤੇ ਉਸ ਦੇ ਮੈਨੇਜਰ ਦੀਪਕ ਵੋਹਰਾ ਖਿਲਾਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਧੀਨ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਇਕ ਬਾਂਦਰ ਨਜ਼ਰ ਆ ਰਿਹਾ ਸੀ। ਇਸ ਵਿੱਚ ਉਹ ਬਾਂਦਰ ਨੂੰ ਲਾਲ ਰੰਗ ਦਾ ਕੁਝ ਤਰਲ ਪਦਾਰਥ ਪਿਲਾ ਰਹੇ ਸਨ। ਉਹ ਜੰਗਲੀ ਜੀਵ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਪਾਲਣਾ, ਫੜਣਾ ਜਾਂ ਨੁਕਸਾਨ ਪਹੁੰਚਾਉਣਾ ਅਪਰਾਧ ਮੰਨਿਆ ਜਾਂਦਾ ਹੈ। ਹਾਲਾਂਕਿ ਟੈਟੂ ਆਰਟਿਸ ਨੂੰ ਪਤਾ ਲੱਗਣ ’ਤੇ ਇਹ ਕਾਨੂਨੀ ਅਪਰਾਧ ਹੈ, ਉਸ ਨੇ ਤੁਰੰਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਸਨ ਪਰ ਉਨ੍ਹਾਂ ਦੋਹਾਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ, 1972 ਦੀ ਧਾਰਾ 9, 39 ਤੇ 50 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।