ਪੰਜਾਬ-ਹਰਿਆਣਾ ਹਾਈਕੋਰਟ ਨੇ ਗੱਡੀਆਂ ਦੇ ਹਾਦਸੇ ਨਾਲ ਜੁੜੇ ਇੱਕ ਮਾਮਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਹਾਦਸੇ ਵਿੱਚ ਡਰਾਈਵਰ ਦੀ ਲਾਪਰਵਾਹੀ ਸੀ ਤਾਂ ਵੀ ਬੀਮਾ ਕੰਪਨੀ ਮ੍ਰਿਤਕ ਡਰਾਈਵਰ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ।
ਪਟੀਸ਼ਨ ਦਾਇਰ ਕਰਦਿਆਂ ਬੀਮਾ ਕੰਪਨੀ ਨੇ ਦੱਸਿਆ ਕਿ 6 ਫਰਵਰੀ 2014 ਨੂੰ ਜਤਿੰਦਰ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਹਰਭਜਨ ਸਿੰਘ ਇਕ ਇਨੋਵਾ ਕਾਰ ਵਿਚ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ। ਸ਼ਾਹਾਬਾਦ ਅਤੇ ਪਿਪਲੀ ਵਿਚਕਾਰ ਇਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਇਨੋਵਾ ਉਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਹਰਭਜਨ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਹੋ ਗਈ।
ਟਰੱਕ ਦਾ ਬੀਮਾ ਕਰਨ ਵਾਲੀ ਕੰਪਨੀ ਦੀ ਦਲੀਲ ਦਿੱਤੀ ਸੀ ਕਿ ਇਨੋਵਾ ਦੇ ਡਰਾਈਵਰ ਨੇ ਸਹੀ ਦੂਰੀ ਨਹੀਂ ਬਣਾਈ ਸੀ, ਜੇ ਉਹ ਅਜਿਹਾ ਕਰਦਾ ਤਾਂ ਹਾਦਸਾ ਟਾਲਿਆ ਜਾ ਸਕਦਾ ਸੀ। ਇਸ ਦੇ ਨਾਲ ਹੀ ਬੀਮਾ ਕੰਪਨੀ ਨੇ ਡਰਾਈਵਰ ਨੂੰ ਲਾਪਰਵਾਹ ਦੱਸਦਿਆਂ ਉਸ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਨੋਵਾ ਦਾ ਬੀਮਾ ਕਰਨ ਵਾਲੀ ਕੰਪਨੀ ਨੇ ਮੁਆਵਜ਼ੇ ਦੀ ਅੱਧੀ ਰਕਮ ਦੀ ਜ਼ਿੰਮੇਵਾਰੀ ਉਸ ‘ਤੇ ਪਾਉਣ ਦਾ ਵਿਰੋਧ ਕੀਤਾ।
ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਟਰੱਕ ਦਾ ਬੀਮਾ ਕੰਪਨੀ ਇਸ ਮਾਮਲੇ ‘ਚ ਡਰਾਈਵਰ ਦੀ ਲਾਪਰਵਾਹੀ ਨੂੰ ਸਾਬਤ ਕਰਨ ‘ਚ ਨਾਕਾਮ ਰਹੀ ਹੈ। ਹਾਈਕੋਰਟ ਨੇ ਇਨੋਵਾ ਦਾ ਬੀਮਾ ਕਰਨ ਵਾਲੀ ਕੰਪਨੀ ਨੂੰ 30 ਫੀਸਦੀ ਅਤੇ ਟਰੱਕ ਦੀ ਬੀਮਾ ਕੰਪਨੀ ਨੂੰ 70 ਫੀਸਦੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਮੋਟਰ ਵ੍ਹੀਕਲ ਐਕਟ ਹਾਦਸੇ ਲਈ ਮੁਆਵਜ਼ੇ ਦੀ ਵਿਵਸਥਾ ਕਰਦਾ ਹੈ। ਡਰਾਈਵਰ ਦੀ ਲਾਪਰਵਾਹੀ ਗੱਡੀ ਦੇ ਮਾਲਕ ਅਤੇ ਬੀਮਾ ਕੰਪਨੀ ਦੇ ਵਿਚਕਾਰ ਦਾ ਮਾਮਲਾ ਹੈ ਅਤੇ ਇਸ ਨੂੰ ਮ੍ਰਿਤਕ ਡਰਾਈਵਰ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਹੈ।