Annual exams for non board classes : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੱਜ ਤੋਂ ਨਾਨ-ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਕੋਰੋਨਾ ਦੇ ਵੱਧਦੇ ਦੇ ਕਹਿਰ ਦੇ ਵਿਚਕਾਰ ਸਿੱਖਿਆ ਵਿਭਾਗ ਨੇ ਪ੍ਰੀਖਿਆਵਾਂ ਸਵੇਰ ਤੇ ਸ਼ਾਮ ਦੇ ਸ਼ੈਸਨ ਦੌਰਾਨ ਸ਼ਿਫਟਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਰੱਖਣ ਲਈ ਪ੍ਰੀਖਿਆਵਾਂ ਸ਼ਿਫਟਾਂ ਅਨੁਸਾਰ ਕਰਵਾਈਆਂ ਜਾਣਗੀਆਂ। ਸਿੱਖਿਆ ਵਿਭਾਗ ਨੇ ਮੁੜ ਤੋਂ ਸੋਧੀ ਹੋਈ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਹੈ। ਇਹ ਡੇਟਸ਼ੀਟ ਪਹਿਲੀ ਤੋਂ ਚੌਥੀ ਜਮਾਤ ਤੱਕ, ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ। ਪੰਜਾਬ ‘ਚ ਮੁੜ ਕਰੋਨਾ ਮਹਾਮਾਰੀ ਦੇ ਵਿੱਚ ਹੋਏ ਵਾਧੇ ਕਾਰਨ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਰਹਿ ਕੇ ਪੇਪਰਾਂ ਦੀ ਤਿਆਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਨਿਰਦੇਸ਼ਾ ਦੇ ਮੁਤਾਬਿਕ ਸਵੇਰ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ।
ਪ੍ਰਾਇਮਰੀ ਸਕੂਲਾਂ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਜਦਕਿ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਈ ਜਾਵੇਗੀ। ਸੈਕੰਡਰੀ ਸਕੂਲਾਂ ਦੇ ਛੇਵੀਂ ਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ ਜਦਕਿ 7ਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12.20 ਤੋਂ 3.20 ਵਜੇ ਤੱਕ ਕਰਵਾਈ ਜਾਣੀ ਹੈ। ਪ੍ਰੀਖਿਆ ਦੌਰਾਨ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਵੀ ਲਾਜ਼ਮੀ ਹੋਵੇਗਾ। ਕਰੋਨਾ ਦੀ ਚਪੇਟ ‘ਚ ਆਏ ਵਿਦਿਆਰਥੀਆਂ ਦੀ ਪ੍ਰੀਖਿਆ ਕੁੱਝ ਸਮੇ ਬਾਅਦ ਨਵਾਂ ਪ੍ਰਸ਼ਨ ਪੱਤਰ ਜਾਰੀ ਕਰ ਕਰਵਾਈ ਜਾਵੇਗੀ।