CBSE 10th Result 2020: ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਯਾਨੀ ਕਿ CBSE ਦੇ 12ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਨਜ਼ਰ 10ਵੀਂ ਦੇ ਨਤੀਜੇ ‘ਤੇ ਸੀ। ਹਾਲਾਂਕਿ, ਹੁਣ HRD ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ 14 ਜੁਲਾਈ ਮੰਗਲਵਾਰ ਨੂੰ ਨਤੀਜੇ ਜਾਰੀ ਨਹੀਂ ਕੀਤੇ ਜਾਣਗੇ। CBSE ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਹੁਣ ਬੁੱਧਵਾਰ ਯਾਨੀ ਕਿ 15 ਜੁਲਾਈ ਨੂੰ ਐਲਾਨੇ ਜਾਣਗੇ । ਦੱਸ ਦੇਈਏ ਕਿ ਪਿਛਲੇ ਸਾਲ 91.10 ਪ੍ਰਤੀਸ਼ਤ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ।
ਇਸ ਸਬੰਧੀ HRD ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ- ਮੇਰੇ ਪਿਆਰੇ ਬੱਚਿਓ, ਮਾਤਾ-ਪਿਤਾ, CBSE ਦੇ 10ਵੀ ਬੋਰਡ ਦੇ ਇਮਤਿਹਾਨ ਨਤੀਜੇ ਕੱਲ ਐਲਾਨੇ ਜਾਣਗੇ । ਮੈਂ ਸਾਰੇ ਵਿਦਿਆਰਥੀਆਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਅਰਥਾਤ ਸੀਬੀਐਸਈ 12ਵੀਂ ਦੀ ਪ੍ਰੀਖਿਆ ਵਿੱਚ ਇਸ ਸਾਲ ਕੁੱਲ 88.78 ਪ੍ਰਤੀਸ਼ਤ ਵਿਦਿਆਰਥੀ ਸਫਲ ਹੋਏ । ਪਿਛਲੇ ਸਾਲ ਇਹ 83.40 ਪ੍ਰਤੀਸ਼ਤ ਸੀ। ਇਸ ਸਾਲ, ਹਾਲਾਂਕਿ ਬੋਰਡ ਨੇ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਬੀਐਸਈ ਬੋਰਡ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ ਉਹ 10ਵੀਂ ਅਤੇ 12ਵੀਂ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਐਲਾਨੇਗੀ । ਅਜਿਹੀ ਸਥਿਤੀ ਵਿੱਚ ਜਦੋਂ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ ਤਾਂ ਬਹੁਤ ਸੰਭਾਵਨਾ ਸੀ ਕਿ ਬੋਰਡ ਅੱਜ 10ਵੀਂ ਦੇ ਵੀ ਨਤੀਜੇ ਜਾਰੀ ਕਰੇਗਾ। ਗੌਰਤਲਬ ਹੈ ਕਿ ਸੀਬੀਐਸਈ 10ਵੀਂ ਕਲਾਸ ਦੇ ਨਤੀਜੇ ਅਧਿਕਾਰਤ ਵੈਬਸਾਈਟ cbseresults.nic.in ‘ਤੇ ਦੇਖੇ ਜਾ ਸਕਣਗੇ। ਇਸ ਤੋਂ ਇਲਾਵਾ ਵਿਦਿਆਰਥੀ ਨਤੀਜੇ ਦੇ ਲਈ ਸੀਬੀਐਸਈ ਐਪ ਰਾਹੀਂ ਵੀ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।