ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਗੁਪਤ ਰਿਪੋਰਟ ਹੁਣ ਆਨਲਾਈਨ ਭਰੀ ਜਾਵੇਗੀ। ਇਸ ਤੋਂ ਪਹਿਲਾਂ ਟੀਚਿੰਗ ਤੇ ਨਾਨ-ਟੀਚਿੰਗ ਕਾਡਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸਾਲਾਨਾ ਗੁਪਤ ਰਿਪੋਰਟ ਹਾਰਡ ਕਾਪੀ ਜ਼ਰੀਏ ਭਰੀ ਜਾਂਦੀ ਸੀ। ਇਸ ਕਾਰਨ ਇਹ ਰਿਪੋਰਟਾਂ ਜਾਂ ਤਾਂ ਸਹੀ ਸਮੇਂ ‘ਤੇ ਨਹੀਂ ਲਿਖੀਆਂ ਜਾਂਦੀਆਂ ਜਾਂ ਫਿਰ ਇਨ੍ਹਾਂ ਦੇ ਗੁਆਚਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਕਾਰਨ ਟੀਚਿੰਗ ਤੇ ਨਾਨ-ਟੀਚਿੰਗ ਕਾਡਰ ਦੀ ਡੀ.ਪੀ.ਸੀ. ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ।
ਇਸ ਲਈ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸਾਲ 2023-24 ਅਤੇ ਇਸ ਤੋਂ ਬਾਅਦ ਭਰੀ ਜਾਣ ਵਾਲੀ ਸਾਲਾਨਾ ਗੁਪਤ ਰਿਪੋਰਟਾਂ iHRMS ਪੋਰਟਲ ਜ਼ਰੀਏ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਦੀ ਹਾਰਡ ਕਾਪੀ ਜ਼ਰੀਏ ਪੇਸ਼ ਕੀਤੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਐੱਨ.ਆਈ.ਸੀ. ਦੇ ਨਾਲ ਮਿਲ ਕੇ ਮੁਲਾਜ਼ਮਾਂ ਦੀ ਟ੍ਰੇਨਿੰਗ ਕਰਵਾਏਗੀ ਤੇ ਵੱਖ-ਵੱਖ ਦਫਤਰਾਂ ਵਿਚ ਨੋਡਲ ਅਧਿਕਾਰੀ ਤੇ ਏ.ਸੀ.ਆਰ ਸਰਪ੍ਰਸਤ ਦੀ ਨਿਯੁਕਤੀ ਸਬੰਧੀ ਲੋੜੀਂਦੇ ਹੁਕਮ ਜਾਰੀ ਕਰਨਗੇ। ਇਹ ਕਮੇਟੀ iHRMS ਰਾਹੀਂ ਸਾਲ 2023-24 ਲਈ ਵਿਭਾਗ ਦੇ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂਤੇ ਮੁਲਾਜ਼ਮਾਂ ਦੀ ਸਾਲਾਨਾ ਗੁਪਤ ਰਿਪੋਰਟ ਲਿਖਣਾ ਨਿਸ਼ਚਿਤ ਕਰੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 200 ਪੁਲਿਸ ਮੁਲਾਜ਼ਮਾਂ ਨੇ ਚਲਾਇਆ ਸਰਚ ਆਪਰੇਸ਼ਨ, 3 ਭਗੌੜੇ ਤੇ 14 ਸ਼ੱਕੀ ਗ੍ਰਿਫ਼ਤਾਰ
ਦੱਸ ਦੇਈਏ ਕਿ ਆਨਲਾਈਨ ਪ੍ਰਕ੍ਰਿਆ ਨਾਲ ਸਬੰਧਤ ਕਾਰਜਾਂ ਨੂੰ ਪੂਰਾ ਕਰਨ ਲਈ 7 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਦਾ ਚੇਅਰਮੈਨ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਨੂੰ ਬਣਾਇਆ ਗਿਆ ਹੈ। ਕਮੇਟੀ ਵਿਚ ਮੈਂਬਰ ਸਕੱਤਰ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਜਦੋਂ ਕਿ ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਸਮੇਤ 6 ਅਧਿਕਾਰੀਆਂ ਨੂੰ ਮੈਂਬਰ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –