Amar Singh Chamkila Birthday: ਪੰਜਾਬੀ ਇੰਡਸ਼ਟਰੀ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਨੇ ਆਪਣੀ ਅਲਗ ਗਾਇਕੀ ਨਾਲ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਸੀ। ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਮੌਜੂਦ ਹਨ। ਅੱਜ 21 ਜੁਲਾਈ ਨੂੰ ਪੰਜਾਬ ਦੇ ਚਮਕਦੇ ਸਿਤਾਰੇ ਅਮਰ ਸਿੰਘ ਚਮਕੀਲਾ ਦਾ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮਦਿਨ ਤੇ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜਿੰਦਗੀ ਬਾਰੇ ਕੁੱਝ ਦਿਲਚਸਪ ਗੱਲਾਂ। ਉਹਨਾਂ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਦੇ ਪਿੰਡ ਡੁਗਰੀ ਵਿੱਚ ਹੋਇਆ ਸੀ । ਅਮਰ ਸਿੰਘ ਚਮਕੀਲਾ ਦਾ ਸੁਫ਼ਨਾ ਸੀ ਕਿ ਉਹ ਇਲੈਕਟ੍ਰੀਸ਼ੀਅਨ ਬਣਨ ਪਰ ਘਰ ਦੀ ਗਰੀਬੀ ਨੇ ਉਹਨਾਂ ਨੂੰ ਕੱਪੜੇ ਦੀ ਮਿੱਲ ਵਿੱਚ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ । ਮਿਊਜ਼ਿਕ ਦਾ ਸ਼ੌਂਕ ਚਮਕੀਲਾ ਨੂੰ ਬਚਪਨ ਤੋਂ ਹੀ ਸੀ, ਇਸੇ ਚੱਕਰ ਵਿੱਚ ਉਸ ਨੇ ਢੋਲਕੀ ਤੇ ਹਾਰਮੋਨੀਅਮ ਵੀ ਸਿੱਖ ਲਿਆ । ਸਟੇਜ ਤੱਕ ਆਉਂਦੇ ਉਸ ਦੇ ਹੱਥ ਵਿੱਚ ਤੂੰਬੀ ਵੀ ਆ ਗਈ । ਕੱਪੜੇ ਦੀ ਮਿੱਲ ਵਿੱਚ ਕੰਮ ਕਰਦੇ ਹੋਏ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ।
ਗਾਣੇ ਲਿਖ ਕੇ ਚਮਕੀਲੇ ਨੇ ਸੁਰਿੰਦਰ ਛਿੰਦੇ ਨੂੰ ਅਪਰੋਚ ਕੀਤਾ । ਛਿੰਦੇ ਨੇ ਚਮਕੀਲੇ ਦੇ ਲਿਖੇ ਗਾਣੇ ਗਾਉਣੇ ਸ਼ੁਰੂ ਕੀਤੇ ਤਾਂ ਕਿਸੇ ਤਰ੍ਹਾਂ ਉਸ ਨੂੰ ਸਟੇਜ ਤੇ ਗਾਉਣ ਦਾ ਮੌਕਾ ਵੀ ਮਿਲ ਗਿਆ । ਇਸ ਤੋਂ ਬਾਅਦ ਚਮਕੀਲੇ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਅਮਰ ਸਿੰਘ ਦੀ ਚਮਕ ਇਸ ਤਰ੍ਹਾਂ ਦੀ ਸੀ ਕਿ ਲੋਕਾਂ ਨੇ ਉਹਨਾਂ ਨੂੰ ਚਮਕੀਲਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ । ਜਿਸ ਸਮੇਂ ਚਮਕੀਲਾ ਦਾ ਦੌਰ ਚੱਲ ਰਿਹਾ ਸੀ। ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦੀ ਸੀ । ਇਸੇ ਲਈ ਉਹਨਾਂ ਦੇ ਨਾਂ 365 ਦਿਨਾਂ ਵਿੱਚ 366 ਅਖਾੜੇ ਲਗਾਉਣ ਦਾ ਰਿਕਾਰਡ ਕਾਇਮ ਹੈ ।
ਇਹ ਉਹ ਸਮਾਂ ਸੀ ਜਦੋਂ ਵੱਡੇ ਗਾਇਕ ਲਾਈਵ ਸਟੇਜ ਸ਼ੋਅ ਲਈ ਤਰਸਦੇ ਸਨ ਪਰ ਅਮਰ ਸਿੰਘ ਚਮਕੀਲਾ ਦੇ ਹਰ ਥਾਂ ਤੇ ਸਟੇਜ ਸ਼ੋਅ ਹੋ ਰਹੇ ਸਨ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਅਖਾੜਿਆਂ ਦੀ ਅਡਵਾਂਸ ਬੁਕਿੰਗ ਹੁੰਦੀ ਸੀ । ਪਰ ਸੁਪਰ ਸਟਾਰ ਬਣਦੇ ਹੀ ਉਹ ਕਈ ਵਿਵਾਦਾਂ ਵਿੱਚ ਵੀ ਘਿਰ ਗਏ । ਉਹਨਾਂ ਦੇ ਸਬੰਧ ਕਈ ਮਹਿਲਾ ਗਾਇਕਾਂ ਨਾਲ ਰਹੇ ਹਨ । ਉਹਨਾਂ ਦਾ ਕਤਲ ਵੀ ਮਹਿਲਾ ਗਾਇਕ ਨਾਲ ਹੋਇਆ ਸੀ । ਚਮਕੀਲਾ ਨੂੰ ਉਹਨਾਂ ਦੀ ਸਾਥਣ ਗਾਇਕਾ ਅਮਰਜੋਤ ਨਾਲ 8 ਮਾਰਚ 1988 ਨੂੰ ਰਾਤ ਦੇ ਦੋ ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਪੁਲਿਸ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ।