Cyclone Nisarga bollywood celeb : ਚੱਕਰਵਾਤ ਨਿਸਰਗ ਦੇ ਬੁੱਧਵਾਰ ਨੂੰ ਮੁੰਬਈ ਤੋਂ ਲਗਭਗ 94 ਕਿਮੀ ਦੀ ਦੂਰੀ ‘ਤੇ ਸਥਿਤ ਅਲੀਬਾਗ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਤੂਫਾਨ ਕਾਫੀ ਨੁਕਸਾਨ ਕਰ ਸਕਦਾ ਹੈ। ਤੂਫਾਨ ਸਬੰਧੀ ਸਰਕਾਰ ਵੱਲੋਂ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਤੂਫਾਨ ਦੇ ਸਮੇਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ, ਭਗਵਾਨ ਦੀ ਜੇ ਕਿਰਪਾ ਰਹੀ ਤਾਂ ਹੋ ਸਕਦਾ ਹੈ ਤੂਫਾਨ ਇੱਥੇ ਆਵੇ ਹੀ ਨਾ ਜਾਂ ਹੋ ਸਕਦਾ ਹੈ ਤੂਫਾਨ ਦੀ ਰਫਤਾਰ ਇੰਨੀ ਨਾ ਹੋਵੇ ਪਰ ਜੇ ਆ ਵੀ ਗਿਆ ਤਾਂ ਅਸੀਂ ਮੁੰਬਈ ਵਾਸੀ ਘਬਰਾਉਣ ਵਾਲੇ ਨਹੀਂ ਹਾਂ ਤੇ ਆਪਣੀ ਸੁਰੱਖਿਆ ਦੀ ਤਿਆਰੀਆਂ ‘ਚ ਜੁਟੇ ਹੋਏ ਹਾਂ।
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ, ਸਭ ਤੋਂ ਪਹਿਲਾਂ ਘਰਾਂ ਤੋਂ ਬਾਹਰ ਨਾ ਨਿਕਲੋ, ਸਮੁੰਦਰ ਕੰਢੇ ਨਾ ਜਾਓ। ਬਾਹਰ ਹੋ ਤਾਂ ਸੁਰੱਖਿਅਤ ਥਾਂ ‘ਤੇ ਰਹੋ। ਘਰ ‘ਚ ਲੋੜ ਨਾ ਹੋਵੇ ਤਾਂ ਗੈਸ ਤੇ ਲਾਈਟਾਂ ਬੰਦ ਹੀ ਰੱਖੋ। ਗਮਲਿਆਂ ਨੂੰ ਕੱਸ ਕੇ ਬੰਨ੍ਹੋ ਜਾਂ ਘਰਾਂ ਅੰਦਰ ਰੱਖੋ। ਅਕਸ਼ੇ ਕੁਮਾਰ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਨੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਨੂੰ ਸ਼ੇਅਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਪਾਲਣਾ ਕਰੋ।
ਉੱਥੇ ਹੀ ਨਿਮਰਤ ਕੌਰ ਨੇ ਵੀ ਬੱਦਲਾਂ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਆਥੀਆ ਸ਼ੈੱਟੀ ਨੇ ਇਕ ਨੋਟ ਸ਼ੇਅਰ ਕੀਤਾ ਹੈ, ਜਿਸ ‘ਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਰਣਵੀਰ ਸ਼ੌਰੀ ਨੇ ਵੀ ਇੰਸਟਾਗ੍ਰਾਮ ‘ਤੇ ਮੌਸਮ ਦੀ ਤਸਵੀਰ ਸ਼ੇਅਰ ਕੀਤੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨਿਸਰਗ ਪਿਛਲੇ 6 ਘੰਟਿਆਂ ਦੌਰਾਨ 13 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰੀ ਮਹਾਰਾਸ਼ਟਰ ਤੱਟ ਵਲ ਵਧਿਆ ਹੈ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।