Brahma Mishra Death News: ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ‘ਚ ਲਲਿਤ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬ੍ਰਹਮਾ ਮਿਸ਼ਰਾ ਨਹੀਂ ਰਹੇ। ਅਦਾਕਾਰ ਦਿਵਯੇਂਦੂ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਲਲਿਤ ਦੀ ਫੋਟੋ ਸ਼ੇਅਰ ਕਰਕੇ ਦੁਖਦਾਈ ਖਬਰ ਦਿੱਤੀ ਹੈ।
ਲਲਿਤ ਦੇ ਰੋਲ ‘ਚ ਸਾਰਿਆਂ ਦਾ ਦਿਲ ਜਿੱਤਣ ਵਾਲੇ ਬ੍ਰਹਮਾ ਦਾ ਇੰਨੀ ਛੋਟੀ ਉਮਰ ‘ਚ ਹੀ ਗੁਜ਼ਰਨਾ ਸਾਰਿਆਂ ਨੂੰ ਦੁਖੀ ਕਰ ਰਿਹਾ ਹੈ। ਬ੍ਰਹਮਾ ਮਿਸ਼ਰਾ ਨੇ ਕਈ ਫਿਲਮਾਂ ਅਤੇ ਸੀਰੀਅਲਾਂ ‘ਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਪਛਾਣ ਮਿਰਜ਼ਾਪੁਰ 2 ਦੇ ਸਾਈਡ ਰੋਲ ਤੋਂ ਮਿਲੀ। ਸੀਰੀਜ਼ ‘ਚ ਉਸ ਦੇ ਕਿਰਦਾਰ ਨੂੰ ਦੇਖਣ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੇ ਉਸ ‘ਤੇ ਧਿਆਨ ਨਾ ਦਿੱਤਾ ਹੋਵੇ। ਇੰਨਾ ਹੀ ਨਹੀਂ ਉਨ੍ਹਾਂ ਨੇ ਲਲਿਤ ਦੇ ਕਿਰਦਾਰ ਨੂੰ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਅਤੇ ਹਿੱਟ ਕਿਰਦਾਰ ਵੀ ਦੱਸਿਆ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਰੋਲ ਸੀ।
ਸੀਰੀਜ਼ ‘ਚ ਉਨ੍ਹਾਂ ਦੇ ਕਿਰਦਾਰ ਨੂੰ ਇੰਨਾ ਪਸੰਦ ਕੀਤਾ ਗਿਆ ਸੀ ਕਿ ਉਨ੍ਹਾਂ ‘ਤੇ ਕਈ ਮੀਮ ਵੀ ਬਣਾਏ ਜਾ ਰਹੇ ਸਨ। ਭੋਪਾਲ ਦੇ ਰਹਿਣ ਵਾਲੇ ਬ੍ਰਹਮਾ ਮਿਸ਼ਰਾ ਦਾ ਬਚਪਨ ਤੋਂ ਹੀ ਅਦਾਕਾਰ ਬਣਨ ਦਾ ਸੁਪਨਾ ਸੀ। 2013 ‘ਚ ਉਨ੍ਹਾਂ ਨੇ ਫਿਲਮ ‘ਚੋਰ ਚੋਰ ਸੁਪਰ ਚੋਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ‘ਚ ਵੀ ‘ਖੁਦਾਦ ਖਾਨ’ ਦਾ ਕਿਰਦਾਰ ਨਿਭਾਇਆ। 29 ਨਵੰਬਰ ਨੂੰ ਬ੍ਰਹਮਾ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਅਦਾਕਾਰ ਨੂੰ ਗੈਸ ਦੀ ਦਵਾਈ ਦੇ ਕੇ ਘਰ ਆਰਾਮ ਕਰਨ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ ਬ੍ਰਹਮਾ ਮਿਸ਼ਰਾ ਘਰ ‘ਚ ਮ੍ਰਿਤਕ ਪਾਏ ਗਏ।
2 ਦਸੰਬਰ ਨੂੰ ਪੁਲਿਸ ਨੂੰ ਬ੍ਰਹਮਾ ਮਿਸ਼ਰਾ ਦੀ ਮੁੰਬਈ ਦੇ ਵਰਸੋਵਾ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਅਰਧ-ਸੜੀ ਹੋਈ ਲਾਸ਼ ਮਿਲੀ। ਕੂਪਰ ਹਸਪਤਾਲ ਵਿੱਚ ਬ੍ਰਹਮਾ ਦੀ ਲਾਸ਼ ਦਾ ਪੋਸਟਮਾਰਟਮ ਚੱਲ ਰਿਹਾ ਹੈ। ਬ੍ਰਹਮਾ ਮਿਸ਼ਰਾ ਮਨੋਜ ਬਾਜਪਾਈ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ ਅਤੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਦਾ ਮੌਕਾ ਨਹੀਂ ਗਵਾਉਂਦੇ ਸਨ। ਉਨ੍ਹਾਂ ਨੇ ਮਨੋਜ ਬਾਜਪਾਈ ਦੀ ਫੋਟੋ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਦੱਸਿਆ।