ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੀਰਵਾਰ ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ‘ਚ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ‘ਚ ਪੇਸ਼ ਹੋਈ ਹੈ।
ਅਦਾਕਾਰਾ ਕੰਗਣਾ ਰਣੌਤ ਨੇ ਅੱਜ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ। ਸੋਸ਼ਲ ਮੀਡੀਆ ‘ਤੇ ਸਿੱਖ ਭਾਈਚਾਰੇ ਨਾਲ ਸਬੰਧਤ ਟਿੱਪਣੀਆਂ ਨੂੰ ਲੈ ਕੇ ਅਮਰਜੀਤ ਸਿੰਘ ਸੰਧੂ ਦੀ ਸ਼ਿਕਾਇਤ ਤੋਂ ਬਾਅਦ ਕੰਗਣਾ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੱਸ ਦੇਈਏ ਕਿ ਕੰਗਣਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ ਜਿਸ ‘ਚ ਉਸ ਨੇ ਕਿਸਾਨਾਂ ਅਤੇ ਸਿੱਖਾਂ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਭਾਰਤ ਭਰ ‘ਚ ਕਈ ਥਾਵਾਂ ‘ਤੇ ਕੰਗਣਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਕੰਗਣਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਕੰਗਣਾ ਰਣੌਤ ਨੇ ਇਸ ਐਫਆਈਆਰ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਪਹਿਲੀ ਸੁਣਵਾਈ ਦੌਰਾਨ ਹੀ ਅਦਾਲਤ ਨੇ 25 ਜਨਵਰੀ 2022 ਤੱਕ ਕੰਗਨਾ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੰਗਣਾ ਨੇ ਪੁਲਿਸ ਨੂੰ ਜਾਂਚ ‘ਚ ਸਹਿਯੋਗ ਕਰਨ ਦੀ ਗੱਲ ਕਹੀ ਸੀ। ਕੰਗਣਾ ਰਣੌਤ ਨੇ 22 ਦਸੰਬਰ ਨੂੰ ਹੀ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਿਸ ਕੋਲ ਜਾਣਾ ਸੀ ਪਰ ਮੁੰਬਈ ‘ਚ ਨਾ ਹੋਣ ਕਾਰਨ ਉਸ ਨੇ ਹੋਰ ਸਮਾਂ ਮੰਗਿਆ ਸੀ। 23 ਦਸੰਬਰ ਨੂੰ ਸਵੇਰੇ 11.11 ਵਜੇ ਉਹ ਖਾਰ ਥਾਣੇ ਪਹੁੰਚੀ ਅਤੇ 12.31 ਵਜੇ ਆਪਣੇ ਬਿਆਨ ਦਰਜ ਕਰਵਾ ਕੇ ਖਾਰ ਥਾਣੇ ਤੋਂ ਬਾਹਰ ਆਈ।
ਇਹ ਵੀ ਪੜ੍ਹੋ : Flipkart, ਐਮਾਜ਼ੋਨ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, RBI ਨੇ ਬਦਲੇ ਨਿਯਮ
ਇਸ ਮਾਮਲੇ ਦੀ ਐਫਆਈਆਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਮਰਜੀਤ ਸਿੰਘ ਸੰਧੂ ਵੱਲੋਂ ਦਰਜ ਕਰਵਾਈ ਗਈ ਸੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਕੰਗਣਾ ਨੇ ਸਿੱਖ ਧਰਮ, ਆਸਥਾ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਦਾ ਅਪਮਾਨ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਰਣੌਤ ਨੇ ਜਾਣਬੁੱਝ ਕੇ ਕਿਸਾਨਾਂ ਦੇ ਖਿਲਾਫ ਬਿਆਨ ਦਿੱਤੇ ਸੀ।
ਵੀਡੀਓ ਲਈ ਕਲਿੱਕ ਕਰੋ -: