Manjinder Singh Sirsa Brar: ਹਾਲ ਹੀ ਵਿੱਚ ਪਟਿਆਲਾ ਪੁਲਸ ਵਲੋਂ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਉਨ੍ਹਾਂ ਦੇ ਗੀਤ‘ਜਾਨ’ ਨੂੰ ਲੈ ਕੇ ਕੀਤੀ ਗਈ ਸੀ। ਇਸ ਗੀਤ ਨੂੰ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ, ਜਦਕਿ ਸ਼੍ਰੀ ਬਰਾੜ ਨੇ ਵੀ ਗੀਤ ਨੂੰ ਆਵਾਜ਼ ਦਿੱਤੀ ਹੈ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸ ਦੇ ਹੱਕ ’ਚ ਆ ਗਏ ਹਨ।
ਮਨਜਿੰਦਰ ਸਿੰਘ ਸਿਰਸਾ ਵਲੋਂ ਬੀਤੇ ਦਿਨੀਂ ਪਹਿਲਾਂ ਸ਼੍ਰੀ ਬਰਾੜ ਦੇ ਹੱਕ ’ਚ ਇਕ ਟਵੀਟ ਸਾਂਝਾ ਕੀਤਾ ਗਿਆ ਤੇ ਅੱਜ ਉਨ੍ਹਾਂ ਵਲੋਂ ਇਕ ਵੀਡੀਓ ਟਵਿਟਰ ’ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ’ਚ ਮਨਜਿੰਦਰ ਸਿੰਘ ਸਿਰਸਾ ਜਿਥੇ ਸ਼੍ਰੀ ਬਰਾੜ ਦੀ ‘ਕਿਸਾਨ ਐਂਥਮ’ ਲਿਖਣ ਨੂੰ ਲੈ ਕੇ ਸਰਾਹਨਾ ਕਰ ਰਹੇ ਹਨ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕੇਂਦਰ ਸਰਕਾਰ ਦਾ ਸਾਥ ਦੇਣ ਦੇ ਇਲਜ਼ਾਮ ਲਗਾ ਰਹੇ ਹਨ।
ਸਿਰਸਾ ਨੇ ਕਿਹਾ, ‘ਸ਼੍ਰੀ ਬਰਾੜ ਨੇ ਕਿਸਾਨ ਅੰਦੋਲਨ ਨੂੰ ਆਪਣੇ ਗੀਤ ਰਾਹੀਂ ਵੱਡੇ ਪੱਧਰ ’ਤੇ ਪਹੁੰਚਾਇਆ ਹੈ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ’ਤੇ ਪਰਚੇ ਕੀਤੇ ਜਾ ਰਹੇ ਹਨ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਦਾ ਸਾਥ ਛੱਡ ਕੇ ਕਿਸਾਨਾਂ ਦੇ ਹੱਕ ’ਚ ਆਉਣ।’ ਜਾਣਕਾਰੀ ਲਈ ਦੱਸ ਦੇਈਏ ਕਿ ਪਟਿਆਲਾ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਸ਼੍ਰੀ ਬਰਾੜ ਉਰਫ਼ ਪਵਨਦੀਪ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸਿਲਵਾਲਾ ਖੁਰਦ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਨੂੰ ਮੋਹਾਲੀ ਦੇ 91 ਸੈਕਟਰ ਤੋਂ ਗ੍ਰਿਫ਼ਤਾਰ ਕੀਤਾ ਸੀ। ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ, ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਵੀ ਹਨ, ਨੇ ਇਸ ਗ੍ਰਿਫ਼ਤਾਰ ਨੂੰ ਜਾਇਜ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬਰਾੜ ਦੀ ਗ੍ਰਿਫ਼ਤਾਰ ਬਿਲਕੁਲ ਜਾਇਜ਼ ਹੈ। ਉਨ੍ਹਾਂ ਨੇ ਬਰਾੜ ਨੂੰ ਦੇਸ਼ ਦਾ ਗੱਦਾਰ ਦੱਸਿਆ ਹੈ। ਇਸਦੇ ਨਾਲ ਹੀ ਡੀ ਐੱਸ ਜੀ ਐਮ ਨੇ ਸ਼੍ਰੀ ਬਰਾੜ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਐਸ.ਐਸ.ਪੀ. ਸ਼੍ਰੀ ਵਿਕਰਮ ਜੀਤ ਦੁੱਗਲ ਨੇ ਇਸ ਬਾਰੇ ਦੱਸਿਆ ਕਿ ਇਸ ਗਾਇਕ ਵੱਲੋਂ ਗਾਏ ਗੀਤ ‘ਜਾਨ’ ਤੋਂ ਸੰਗੀਨ ਜੁਰਮ ਕਰਨ ਵਾਲਿਆਂ ਨੂੰ ਪਨਾਹ ਦੇਣ, ਜੇਲ੍ਹਾ, ਥਾਣਿਆਂ ‘ਚ ਬੈਠੇ ਅਪਰਾਧੀਆਂ ਨੂੰ ਛੁਡਾਉਣ ਨੂੰ ਉਤਸ਼ਾਹਤ ਕਰਨ ਤੇ ਪ੍ਰਸੰਸ਼ਾ ਕੀਤੀ ਗਈ ਹੈ, ਜਿਸ ਨਾਲ ਅਪਰਾਧੀਆਂ ਨੂੰ ਹਰ ਘਿਨਾਉਣੇ ਜੁਰਮ ਕਰਨ ਲਈ ਸ਼ਹਿ ਮਿਲਦੀ ਹੈ। ਐਸ.ਐਸ.ਪੀ. ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਵਿਰੁੱਧ ਪੁਲਿਸ ਸਖ਼ਤ ਕਾਰਵਾਈ ਕਰੇਗੀ, ਜੋ ਕਿ ਸੰਗੀਨ ਜ਼ੁਰਮਾਂ ਨੂੰ ਉਤਸ਼ਾਹਤ ਕਰੇਗਾ।