Mankirt statement after cleanchit: ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਬੀਤੇ ਦਿਨੀਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੇ ਚੀਫ ਪ੍ਰਮੋਦ ਬਾਨ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਕਲੀਨ ਚਿੱਟ ਮਿਲਣ ਮਗਰੋਂ ਮਨਕੀਰਤ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ। ਮਨਕੀਰਤ ਔਲਖ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ, “ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਕਿਰਪਾ ਕਰਕੇ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤਕ ਜਾਏ ਬਿਨਾਂ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਈ ਉਹ ਇਕ ਖ਼ਬਰ ਹੁੰਦੀ ਹੈ ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ ‘ਚ ਪੈ ਜਾਂਦੀ ਹੈ। ਮਨਕੀਰਤ ਨੇ ਅੱਗੇ ਲਿਖਿਆ, “ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਹਾਂ ਇਸ ਦੁਨੀਆ ‘ਤੇ। ਜਿਵੇਂ ਗੈਂਗਸਟਰ ਧਮਕੀਆਂ ਦੇ ਰਹੇ ਨੇ ਮੈਨੂੰ ਪਿਛਲੇ 1 ਸਾਲ ਤੋਂ, ਇਕ ਦਿਨ ਆਏ ਹਾਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ। ਜਿਊਂਦੇ ਜੀਅ ਕਿਸੇ ‘ਤੇ ਇੰਨੇ ਇਲਜ਼ਾਮ ਨਾ ਲਗਾਓ ਕਿ ਉਸ ਦੇ ਜਾਣ ਮਗਰੋਂ ਸਫਾਈਆਂ ਦੇਣੀਆਂ ਔਖੀਆਂ ਹੋਣ।”
ਮਨਕੀਰਤ ਨੇ ਅਖੀਰ ‘ਚ ਲਿਖਿਆ, ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨਾਂ ਕਾਰਨ ਤੋਂ ਚਲੇ ਗਏ। ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਇਸ ਕੰਮ ਨੂੰ ਇਥੇ ਹੀ ਬੰਦ ਕਰੋ ਤਾਂ ਕਿ ਕਿਸੇ ਹੋਰ ਮਾਂ ਨੂੰ ਇਸ ਦੁੱਖ ‘ਚੋਂ ਨਾ ਲੰਘਣਾ ਪਵੇ। ਵਾਹਿਗੁਰੂ ਮਿਹਰ ਕਰਿਓ। ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ‘ਚ ਕੀਤੀ ਜਾਂਚ ਦੌਰਾਨ ਮਨਕੀਰਤ ਔਲਖ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।” ਤੁਹਾਨੂੰ ਦਸ ਦਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।