Deep sidhu birthday : ਅੱਜ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਜਨਮ ਦਿਨ ਹੈ। ਦੀਪ ਸਿੱਧੂ ਬੀਤੇ ਸਾਲ ਸ਼ੁਰੂ ਹੋਏ ਕਿਸਾਨ ਅੰਦੋਲਨ ਤੋਂ ਬਾਅਦ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਰਹੇ ਹਨ। ਜੇਕਰ ਅੰਦੋਲਨ ਤੋਂ ਪਹਿਲਾ ਦੇ ਸਮੇਂ ਬਾਰੇ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਨੂੰ ਮਾਡਲ, ਅਦਾਕਾਰ, ਵਕੀਲ ਅਤੇ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਜਾਣਿਆ ਜਾਂਦਾ ਸੀ। ਦੀਪ ਸਿੱਧੂ ਦੀ ਪਹਿਲੀ ਫਿਲਮ ਰਮਤਾ ਜੋਗੀ ਸੀ ਪਰ ਸਿੱਧੂ ਨੂੰ ਅਦਾਕਾਰੀ ‘ਚ ਪ੍ਰਸਿੱਧੀ ਜੋਰਾ 10 ਨੰਬਰੀਆ ਤੋਂ ਬਾਅਦ ਮਿਲੀ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿਖੇ ਹੋਇਆ ਸੀ। ਦੀਪ ਸਿੱਧੂ ਦੇ ਪਿਤਾ ਦਾ ਨਾਂ ਸੁਰਜੀਤ ਸਿੰਘ ਹੈ, ਜੋ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਖੁਦ ਵੀ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਹਨ। ਕੁੱਝ ਸਮਾਂ ਵਕਾਲਤ ਕਰਨ ਅਤੇ ਫਿਰ ਕਿੰਗ ਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਬਾਅਦ ਸਿੱਧੂ ਨੇ ਮਾਡਲਿੰਗ ਅਤੇ ਫ਼ਿਲਮਾਂ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ।
ਦੀਪ ਸਿੱਧੂ ਤਾਲਾਬੰਦੀ ਦੌਰਾਨ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰਨ ਨੂੰ ਲੈ ਕੇ ਖੂਬ ਸੁਰਖ਼ੀਆਂ ’ਚ ਆਏ ਸਨ। ਜਿਸ ਤੋਂ ਬਾਅਦ ਉਹ ਕਿਸਾਨ ਅੰਦੋਲਨ ਦਾ ਵੀ ਇੱਕ ਵੱਡਾ ਚਿਹਰਾ ਰਹੇ ਹਨ। ਪਰ ਇਨ੍ਹੀਂ ਦਿਨੀਂ ਦੀਪ ਸਿੱਧੂ ਕਈ ਵਿਵਾਦਾਂ ਦੇ ਵਿੱਚ ਫਸੇ ਹੋਏ ਹਨ। ਦਰਅਸਲ 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲੇ ’ਤੇ ਹੋਏ ਹੰਗਾਮੇ ਨੂੰ ਲੈ ਕੇ ਦੀਪ ਸਿੱਧੂ ਦਾ ਨਾਮ ਵਿਵਾਦਾਂ ‘ਚ ਆਇਆ ਸੀ।