ਪਿਛਲੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇਂ ਤੋਂ ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਆਮ ਤੋਂ ਲੈ ਕੇ ਖਾਸ ਤੱਕ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਉੱਥੇ ਹੀ ਕਲਾਕਾਰਾਂ, ਅਦਾਕਾਰਾਂ ਅਤੇ ਖਿਡਾਰੀਆਂ ਨੇ ਵੀ ਵੱਧ ਚੜ੍ਹ ਕੇ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉੱਥੇ ਹੀ ਹੁਣ ਕਲਾਕਾਰਾਂ ਅਤੇ ਅਦਾਕਾਰਾਂ ਦਾ ਯੋਗਦਾਨ ਇਸ ਪੱਧਰ ‘ਤੇ ਪਹੁੰਚ ਗਿਆ ਹੈ ਕਿ ਉਨ੍ਹਾਂ ਵੱਲੋ ਹਰ ਉਸ ਚੀਜ਼ ਦਾ ਵਿਰੋਧ ਕੀਤਾ ਜਾਂ ਰਿਹਾ ਹੈ, ਜੋ ਕਿਸਾਨਾਂ ਦੇ ਖਿਲਾਫ ਹੈ। ਬੀਤੇ ਦਿਨ ਖਬਰਾਂ ਸਾਹਮਣੇ ਆਈਆਂ ਸਨ ਕਿ ਪੰਜਾਬੀ ਗਾਇਕਾ ਅਤੇ ਅਦਾਕਾਰਾਂ ਨਿਮਰਤ ਖਹਿਰਾ ਨੇ ਬਾਲੀਵੁੱਡ ਇੰਡਸਟਰੀ ਦੀ ਇੱਕ ਵੱਡੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਦਰਅਸਲ ਨਿਮਰਤ ਨੇ ਸਨੀ ਦਿਓਲ ਦੀ ਆਗਾਮੀ ਬਾਲੀਵੁੱਡ ਫਿਲਮ ਗਦਰ 2 ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੇ। ਉੱਥੇ ਹੀ ਹੁਣ ਬਾਲੀਵੁੱਡ ਅਤੇ ਪੋਲੀਵੁਡ ਇੰਡਸਟਰੀ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿ ਹੁਣ ਅਦਾਕਾਰਾਂ ਸਿੰਮੀ ਚਾਹਲ ਨੇ ਵੀ ਸਨੀ ਦਿਓਲ ਦੀ ਨਵੀ ਫਿਲਮ ਗਦਰ 2 ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਜ਼ੀ ਸਟੂਡੀਓ ਦਾ ਪ੍ਰੋਜੈਕਟ ਹੈ, ਜਿਸ ਕਾਰਨ ਦੋਵਾਂ ਅਦਾਕਾਰਾ ਨੇ ਇਸ ਪ੍ਰੋਜੈਕਟ ਵਿੱਚ ਕੰਮ ਕਰਨ ਤੋਂ ਇਨਕਾਰ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀ ਜ਼ੀ ਸਟੂਡੀਓਜ਼ ਨਾਲ ਕੰਮ ਕਰਨ ’ਤੇ ਪੰਜਾਬੀ ਅਦਕਾਰ ਅਤੇ ਗਾਇਕ ਐਮੀ ਵਿਰਕ ਤੇ ਜੱਸੀ ਗਿੱਲ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜਾਣਕਾਰੀ ਦੇ ਅਨੁਸਾਰ ਸਿੰਮੀ ਚਾਹਲ ਨੇ ਸਿਰਫ ‘ਗਦਰ 2’ ਫ਼ਿਲਮ ਈ ਨਹੀਂ ਬਲਕਿ ਜ਼ੀ ਸਟੂਡੀਓਜ਼ ਦੀ ਇਕ ਵੈੱਬ ਸੀਰੀਜ਼, 1 ਟੀਵੀ ਸ਼ੋਅ ਤੇ 2 ਗੀਤਾਂ ’ਚ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।