Yograj Singh Kisan Dharna: ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਦੀਆਂ ਸੜਕਾਂ ‘ਤੇ ਦੇਖਣ ਨੂੰ ਮਿਲਿਆ ਹੈ। ਬਟਾਲਾ, ਗੁਰਦਾਸਪੁਰ ਵਿੱਚ ਕਿਸਾਨਾਂ ਨੇ ਐਸਐਸਪੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਵਾਂ ਸ਼ਹਿਰ ਅਤੇ ਜਲੰਧਰ ਦੇ ਕਿਸਾਨ ਵੀ ਰਾਸ਼ਟਰੀ ਰਾਜਮਾਰਗ ‘ਤੇ ਬੈਠੇ ਹਨ। ਰੋਪੜ ਵਿੱਚ ਕਿਸਾਨਾਂ ਨੇ ਰੋਪੜ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਕਿਸਾਨ ਜੱਥੇਬੰਦੀਆ ਦੇ ਭਾਰਤ ਬੰਦ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿੱਲਵਾ ਕਲਾ ਦੀ ਅਗਵਾਈ ਹੇਠ ਸਥਾਨਕ ਬਾਜਾਖਾਨਾ ਰੋਡ ‘ਤੇ ਕੋਠੇ ਗੱਜਣ ਸਿੰਘ ਵਿਖੇ ਕੀਤੇ ਚੱਕਾ ਜਾਮ ਵਿੱਚ ਪ੍ਰਸਿੱਧ ਫਿਲਮੀ ਕਲਾਕਾਰ ਯੋਗਰਾਜ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਧਰਨੇ ਵਿੱਚ ਸ਼ਾਮਲ ਹੋਣ ਤੋ ਪਹਿਲਾ ਐਡਵੋਕੇਟ ਵਿਨੋਦ ਮੈਨੀ, ਯੁੱਧਵੀਰ ਸੰਧੂ ਤੇ ਰਾਜ ਥਾਪਰ ਦੀ ਮੌਜੂਦਗੀ ਵਿੱਚ ਉਹ ਸਥਾਨਕ ਮੋਗਾ ਰੋਡ ‘ਤੇ ਸਥਿਤ ਸਾਗਰ ਢਾਬਾ ਵਿਖੇ ਪ੍ਰੈਸ ਕਾਨਫਰੰਸ ਵਿੱਚ ਵੀ ਸ਼ਾਮਲ ਹੋਏ। ਬਾਜਾਖਾਨਾ ਰੋਡ ‘ਤੇ ਕਿਸਾਨਾ ਦੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ ਕਿ ਹੱਕਾ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਵੋਟ ਦੀ ਕੀਮਤ ਦਾ ਮੁੱਲ ਸਮਝਣਾ ਪਵੇਗਾ।
ਉਨ੍ਹਾ ਕਿਹਾ ਕਿ ਸਾਨੂੰ ਪਰੰਪਰਾਗਤ ਰਾਜਨੀਤਿਕ ਪਾਰਟੀਆ ਦਾ ਖਹਿੜਾ ਛੱਡ ਕੇ ਕੋਈ ਨਵਾ ਬਦਲ ਲੱਭਣਾ ਪਵੇਗਾ ਜੋ ਕਿ ਸਾਡੇ ਹੱਕਾ ਦੀ ਰਾਖੀ ਕਰ ਸਕੇ। ਉਨ੍ਹਾ ਕਿਹਾ ਕਿ ਪ੍ਰਜਾ ਤੋ ਬਿਨਾ ਰਾਜਾ ਵੀ ਕਿਸੇ ਕੰਮ ਦਾ ਨਹੀ ਅਤੇ ਜੋ ਰਾਜੇ ਪ੍ਰਜਾ ਦਾ ਦੁੱਖ-ਸੁੱਖ ਨਹੀ ਸਮਝਦੇ ਰਾਜ ਭਾਗ ਵੀ ਉਨ੍ਹਾ ਕੋਲ ਨਹੀ ਰਹਿੰਦਾ। ਲੰਮੇ ਹੋ ਰਹੇ ਕਿਸਾਨੀ ਸੰਘਰਸ਼ ਸਬੰਧੀ ਉਨ੍ਹਾ ਕਿਹਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀ ਸਗੋ ਕਿਸਾਨਾ, ਮਜਦੂਰਾ, ਵਪਾਰੀਆ ਅਤੇ ਸਮਾਜ ਦੇ ਹਰ ਵਰਗ ਨੂੰ ਇੱਕ ਜੁੱਟ ਹੋ ਕੇ ਹੁਕਮਰਾਨਾ ਖਿਲਾਫ ਲੜਾਈ ਕਰਨੀ ਪਵੇਗੀ।