Rubina Bajwa Akhil film: ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅਤੇ ਅਖਿਲ ਦੀ ਆਉਣ ਵਾਲੀ ਪੰਜਾਬੀ ਫਿਲਮ ‘ਤੇਰੀ ਮੇਰੀ ਗਲ ਬਣ ਗਈ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਕਾਫੀ ਸਮੇਂ ਤੋਂ ਚਰਚਾ ‘ਚ ਸੀ ਅਤੇ ਆਖਿਰਕਾਰ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਫਿਲਮ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਰੁਬੀਨਾ ਬਾਜਵਾ ਨੇ ਐਲਾਨ ਕੀਤਾ ਕਿ ਫਿਲਮ 9 ਸਤੰਬਰ 2022 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਪੋਸਟਰ ਕਾਫੀ ਵਿਲੱਖਣ ਹੈ। ਇਸ ਵਿੱਚ ਰੁਬੀਨਾ ਬਾਜਵਾ ਲਾੜੀ ਦੇ ਰੂਪ ਵਿੱਚ ਅਤੇ ਅਖਿਲ ਨੇ ਲਾੜੇ ਦੇ ਰੂਪ ਵਿੱਚ ਸਜੇ ਹੋਏ ਹਨ। ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਅਖਿਲ ਨੇ ਲਿਖਿਆ, “ਸਾਰੇ ਪੁੱਛਦੇ ਹੁੰਦੇ ਸੀ ਤੇਰੀ ਫ਼ਿਲਮ ਕਦੋਂ ਆਉਣੀ। ਪਿਛਲੇ 4 ਸਾਲਾਂ ਤੋਂ ਇਹੀ ਸਵਾਲ ਪੁੱਛਦੇ ਸੀ, ਜਿਥੇ ਵੀ ਜਾਂਦਾ ਸੀ ਮੈਂ। ਫਿਰ ਜਦੋਂ ਫ਼ਿਲਮ ਆਉਣ ਲੱਗੀ ਤਾਂ ਕੋਵਿਡ ਆ ਗਿਆ। ਆਖਿਰਕਾਰ 9 ਸਤੰਬਰ ਨੂੰ ਮੇਰੀ ਪਹਿਲੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਰਿਲੀਜ਼ ਹੋ ਰਹੀ ਹੈ।”ਅਖਿਲ ਨੇ ਅੱਗੇ ਲਿਖਿਆ, “ਮੈਨੂੰ ਫ਼ਿਲਮਾਂ ਦਾ ਕੋਈ ਤਜਰਬਾ ਨਹੀਂ, ਨਾ ਹੀ ਮੇਰੇ ਫ਼ਿਲਮਾਂ ਵਾਲੇ ਦਰਸ਼ਕ ਹਨ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੇ ਗਾਣਿਆਂ ਵਾਂਗ ਇਸ ਨੂੰ ਵੀ ਪਿਆਰ ਦੇਵੋਗੇ।
ਰੁਬੀਨਾ ਬਾਜਵਾ ਨੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ ਹੈ। ਉਸਨੇ ਆਪਣੀ ਸ਼ੁਰੂਆਤ ਫਿਲਮ ‘ਸਰਗੀ‘ ਨਾਲ ਕੀਤੀ, ਜਿਸ ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਭੈਣ ਨੀਰੂ ਬਾਜਵਾ ਨਾਲ ਵੀ ਕਈ ਤਰ੍ਹਾਂ ਦੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਦੂਜੇ ਪਾਸੇ, ਅਖਿਲ ਆਪਣੇ ਸੁਰੀਲੇ ਗੀਤਾਂ ਜਿਵੇਂ ਕਿ ‘ਖਾਬ’, ‘ਗਾਨੀ’, ‘ਜ਼ਿੰਦਗੀ’ ਅਤੇ ਕਈ ਹੋਰਾਂ ਲਈ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਫ਼ਿਲਮ ’ਚ ਪ੍ਰੀਤੀ ਸਪਰੂ, ਗੁੱਗੂ ਗਿੱਲ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਡੌਲੀ ਮੱਟੂ, ਅਲਕਾ ਕੌਸ਼ਲ ਤੇ ਤੇਜ ਸਪਰੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।