ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਮਨਕੀਰਤ ਔਲਖ ਦਿਨ-ਰਾਤ ਇਕ ਕਰਕੇ ਸੇਵਾ ਕਰ ਰਹੇ ਹਨ। ਪਹਿਲਾਂ ਵੀ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਲਈ ਟਰੈਕਟਰਾਂ ਦੀ ਸੇਵਾ ਦਿੱਤੀ ਗਈ ਸੀ ਤੇ ਅੱਜ ਇਕ ਵਾਰ ਫਿਰ ਤੋਂ ਮਨਕੀਰਤ ਔਲਖ ਟਰੈਕਟਰ ਲੈ ਕੇ ਪਹੁੰਚੇ। ਇਸ ਮੌਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕੀਤਾ ਤੇ ਫਿਰ ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਹਾਂ ਤੇ ਇਸ ਔਖੇ ਸਮੇਂ ਸਾਨੂੰ ਸਾਰਿਆਂ ਨੂੰ ਅੱਗੇ ਹੋ ਕੇ ਪੰਜਾਬ ਲਈ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਲਈ ਖੜੇਗਾ 100 ਗੁਣਾ ਹੋ ਕੇ ਵਾਪਿਸ ਆਉਣਾ।
ਮਨਕੀਰਤ ਨੇ ਕਿਹਾ ਕਿ ਅਸੀਂ ਕਲਾਕਾਰ ਹਾਂ ਤੇ ਮੇਰੇ ਦੂਜੇ ਸਾਰੇ ਸਾਥੀ ਕਲਾਕਾਰਾਂ ਨੂੰ ਅਪੀਲ ਹੈ ਜੋ ਕਿ ਵਿਦੇਸ਼ਾਂ ਵਿਚ ਰਹਿ ਰਹੇ ਹਨ, ਇਕ ਮਹੀਨਾ ਆਪਣਾ ਕੰਮ ਛੱਡ ਕੇ ਪੰਜਾਬ ਆਉਣ ਤੇ ਇਥੋਂ ਦੇ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਹੈ ਲੋਕਾਂ ਦੇ ਨਾਲ ਖੜ੍ਹੇ ਹੋਣਾ ਤੇ ਇਸ ਮੁਸ਼ਕਲ ਸਮੇਂ ਵਿਚੋਂ ਪੰਜਾਬੀਆਂ ਨੂੰ ਕੱਢਣਾ। ਸਾਰਿਆਂ ਨੂੰ ਜ਼ਮੀਨੀ ਪੱਧਰ ‘ਤੇ ਆ ਕੇ ਸੇਵਾ ਕਰਨੀ ਚਾਹੀਦੀ ਹੈ। ਜੇਕਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਜਿਹੜੇ ਭੈਣ ਭਰਾਵਾਂ ਦੇ ਘਰ ਡੁੱਬੇ ਹਨ ਉਹ ਆਪਾਂ ਮਿੰਟਾਂ ‘ਚ ਖੜ੍ਹੇ ਕਰ ਦੇਵਾਂਗੇ। ਮਨਕੀਰਤ ਨੇ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾਵੇ ਮੈਂ ਲੋਕਾਂ ਨੂੰ ਕੈਸ਼ ਪੈਸਾ ਹੀ ਦੇ ਰਿਹਾ ਸੀ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਲੋਕਾਂ ਦੇ ਹੱਥ ਵਿਚ ਪੈਸਾ ਆ ਜਾਂਦਾ ਹੈ ਤਾਂ ਉਨ੍ਹਾਂ ਦਾ ਹੌਸਲਾ ਆਪੋ ਆਪ ਹੀ ਵਧ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























