Sukh Kharoud Protest Video: ਕਿਸਾਨਾਂ ਨੇ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੂੰ ਕੁਝ ਟਰੇਡ ਯੂਨੀਅਨਾਂ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਬਾਲੀਵੁੱਡ ਦੇ ਕਲਾਕਾਰ ਵੀ ਕਿਸਾਨਾਂ ਦੇ ਭਾਰਤ ਬੰਦ ਨੂੰ ਕਾਫ਼ੀ ਸਮਰਥਨ ਦੇ ਰਹੇ ਹਨ ਅਤੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ਨਾਲ ਜੁੜ ਕੇ ਇਸ ਧਰਨੇ ਵਿਚ ਸ਼ਾਮਲ ਹੋ ਰਹੇ ਹਨ। ਪੁਲਸ ਆਮ ਲੋਕਾਂ ਦੇ ਨਾਲ-ਨਾਲ ਕਲਾਕਾਰਾਂ ‘ਤੇ ਵੀ ਲਾਠੀਚਾਰਜ ਕਰਦੀ ਨਜ਼ਰ ਆ ਰਹੀ ਹੈ। ਪੰਜਾਬੀ ਗਾਇਕ ਸੁੱਖ ਖਰੌੜ ’ਤੇ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸੁੱਖ ਖਰੌੜ ਵਲੋਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਗਈ ਹੈ। ਵੀਡੀਓ ’ਚ ਸੁੱਖ ਖਰੌੜ ਦੀ ਖੱਬੀ ਅੱਖ ਵੀ ਜ਼ਖਮੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ’ਚ ਸੁੱਖ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜੇ ਮੇਰੇ ਡੰਡੇ ਹੀ ਮਾਰਨੇ ਨੇ ਤਾਂ ਮਾਰੋ ਇਥੇ ਖੜ੍ਹਾ ਹਾਂ ਮੈਂ। ਵੀਡੀਓ ਦੇ ਨਾਲ ਸੁੱਖ ਖਰੌੜ ਵਲੋਂ ਕੈਪਸ਼ਨ ’ਚ ਲਿਖਿਆ ਗਿਆ, ‘ਮੇਰਾ ਹੱਕ ਸੀ, ਮੈਂ ਖੜ੍ਹਿਆ ਰਿਹਾ।’ਦੱਸਣਯੋਗ ਹੈ ਕਿ ਸੁੱਖ ਖਰੌੜ ਚੰਡੀਗੜ੍ਹ ’ਚ ਆਪਣੇ ਸਾਥੀਆਂ ਨਾਲ ਅੱਜ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ’ਤੇ ਧਰਨਾ ਲਾ ਕੇ ਬੈਠੇ ਸਨ। ਚੰਡੀਗੜ੍ਹ ਦੀ ਪੁਲਸ ਵਲੋਂ ਜਿਥੇ ਉਨ੍ਹਾਂ ਨੂੰ ਵਾਪਸ ਭੇਜਣ ਤੇ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਉਥੇ ਲਾਠੀਚਾਰਜ ਵੀ ਕੀਤਾ ਗਿਆ। ਇਸ ਲਾਠੀਚਾਰਜ ਦੌਰਾਨ ਸੁੱਖ ਖਰੌੜ ਜ਼ਖਮੀ ਹੋ ਗਏ।
ਉਥੇ ਤੁਹਾਨੂੰ ਦੱਸ ਦੇਈਏ ਕਿ ਸੁੱਖ ਖਰੌੜ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੱਕ ’ਚ ਪੋਸਟਾਂ ਸਾਂਝੀਆਂ ਕਰਦੇ ਆ ਰਹੇ ਹਨ। ਕਿਸਾਨਾਂ ਦੇ ਹੱਕ ’ਚ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਉਹ ਆਪਣੀ ਕਲਮ ਰਾਹੀਂ ਕਿਸਾਨਾਂ ਦਾ ਸਮਰਥਨ ਕਰਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਦਰਸ਼ਨ ਦੇ ਹਿੱਸੇ ਵਜੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਹ “ਚੱਕਾ ਜਾਮ” ਕਰਨਗੇ ਜਿਸ ਦੌਰਾਨ ਵੱਡੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ।