Famous Punjabi singer Diljan dies : ਪੰਜਾਬੀ ਸੰਗੀਤ ਜਗਤ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਤੜਕੇ 3.45 ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਿਹਾ ਸੀ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਕੋਲ ਇਕ ਹਾਦਸਾ ਵਾਪਰ ਗਿਆ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਜਾਨ ਕਰਤਾਰਪੁਰ ਦਾ ਰਹਿਣ ਵਾਲਾ ਸੀ। ਉਸਦੀ ਅਚਾਨਕ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਉਸਦੀ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਇਆ ਹੈ। ਪੁਲਿਸ ਮੌਕੇ‘ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜੰਡਿਆਲਾ ਗੁਰੂ ਥਾਣੇ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿਲਜਾਨ ਮੰਗਲਵਾਰ ਸਵੇਰੇ ਆਪਣੀ ਕਾਰ ਵਿਚ ਕਰਤਾਰਪੁਰ ਵੱਲ ਜਾ ਰਿਹਾ ਸੀ। ਜੀਟੀ ਰੋਡ ‘ਤੇ ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ। ਪੁਲ ‘ਤੇ ਪਹੁੰਚਣ ‘ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ। ਹਾਦਸੇ ਨੂੰ ਦੇਖਦੇ ਹੋਏ, ਉੱਥੋਂ ਲੰਘ ਰਹੇ ਲੋਕਾਂ ਨੇ ਆਪਣੀਆਂ ਗੱਡੀਆਂ ਨਾਲ ਰਾਹਤ ਕਾਰਜ ਸ਼ੁਰੂ ਕੀਤੇ। ਦਿਲਜਾਨ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਦਿਲਜਾਨ ਦੇ ਪਿਤਾ ਮਦਨ ਮਡਾਰ ਨੇ ਦੱਸਿਆ ਕਿ ਦਿਲਜਾਨ ਦਾ ਨਵਾਂ ਗਾਣਾ 2 ਅਪ੍ਰੈਲ ਨੂੰ ਰਿਲੀਜ਼ ਹੋਣਾ ਸੀ। ਸੋਮਵਾਰ ਨੂੰ ਉਹ ਇਸ ਸੰਬੰਧੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਪਣੀ ਮਹਿੰਦਰਾ ਕੇਯੂਡੀ ਗੱਡੀ ਵਿੱਚ ਅੰਮ੍ਰਿਤਸਰ ਗਏ ਸਨ। ਦੇਰ ਰਾਤ ਵਾਪਸ ਪਰਤਣ ਸਮੇਂ ਇਹ ਹਾਦਸਾ ਵਾਪਰਿਆ ਜਿਸ ਵਿਚ ਉਸਦੀ ਮੌਤ ਹੋ ਗਈ। ਦਿਲਜਾਨ ਉਸ ਸਮੇਂ ਕਾਰ ਵਿਚ ਇਕੱਲਾ ਸੀ।