ਅੱਜ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਦਾ ਚੌਥਾ ਦਿਨ ਹੈ। ਕਿਸਾਨ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨ ਸਵਾਮੀਨਾਥ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਖੇਤੀ ਕਰਜ਼ਾ ਮਾਫੀ, ਪੁਲਿਸ ਮਾਮਲਿਆਂ ਨੂੰ ਵਾਪਸ ਲੈਣ ਤੇ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਲਈ ਨਿਆਂ ਦੀ ਬਹਾਲੀ ਦੀ ਵੀ ਮੰਗ ਕਰ ਰਹੇ ਹਨ। ਇਸ ਦਰਮਿਆਨ ਕਿਸਾਨ ਨੇਤਾ ਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਇਕ ਵਾਰ ਫਿਰ ਪੀਐੱਮ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ।
ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪੀਐੱਮ ਮੋਦੀ ਨੂੰ ਅਪੀਲ ਕਰਾਂਗੇ ਕਿ ਅਗਲੀ ਗੱਲਬਾਤ ਵਿਚ ਮਸਲੇ ਦਾ ਹੱਲ ਕੱਢਣ। ਦੂਜੇ ਪਾਸੇ ਪੰਧੇਰ ਨੇ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਨੂੰ ਲੈ ਕੇ ਕਿਹਾ ਕਿ ਬੈਠਕ ਵਿਚ ਹਰ ਮੰਗ ‘ਤੇ ਵਿਸਥਾਰ ਨਾਲ ਚਰਚਾ ਹੋਈ। MSP ‘ਤੇ ਜ਼ਿਆਦਾ ਚਰਚਾ ਹੋਈ ਜੋ ਕਿ ਸਭ ਤੋਂ ਵੱਡਾ ਮੁੱਦਾ ਹੈ। ਹੁਣ ਦੇਖਦੇ ਹਾਂ ਕਿ ਐਤਵਾਰ ਨੂੰ ਜੋ ਮੀਟਿੰਗ ਹੈ ਉਸ ਵਿਚ ਕੀ ਹੱਲ ਨਿਕਲ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੁਝ ਕਹਿ ਰਹੇ ਹਨ ਕਿ ਕਿਸਾਨ ਪੰਜਾਬ ਸਰਕਾਰ ਦੇ ਬੈਠਾਏ ਹੋਏ ਹਨ, ਕਾਂਗਰਸ ਦੇ ਬੈਠਾਏ ਹੋਏ ਹਨ ਪਰ ਇਹ ਸਾਰਾ ਕੁਝ ਗਲਤ ਹੈ।ਜੋ ਲੋਕ ਬੈਠੇ ਹਨ, ਉਹ ਦੇਸ਼ ਦੇ ਕਿਸਾਨ ਹਨ, ਮਜ਼ਦੂਰ ਲੋਕ ਹਨ। ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣਾ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ‘ਭਾਰਤ ਬੰਦ’ ਸੱਦੇ ‘ਤੇ ਅੱਜ ਲੁਧਿਆਣਾ ਬੰਦ, ਸੜਕਾਂ ‘ਤੇ ਲੱਗੇ ਧਰਨੇ
ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹਰਿਆਣਾ ਵਿਚ ਵੀ ਇਸ ਦਾ ਪੂਰਾ ਅਸਰ ਦਿਖ ਰਿਹਾ ਹੈ। ਹਰਿਆਣਾ ਦੇ ਸਾਰੇ ਟੋਲ ਪਲਾਜ਼ਾ 3 ਘੰਟੇ ਲਈ ਫ੍ਰੀ ਰਹਿਣਗੇ। ਸਾਰੇ ਟੋਲ ਦੁਪਹਿਰ 12 ਤੋਂ 3 ਵਜੇ ਤੱਕ ਟੋਲ ਫ੍ਰੀ ਰਹਿਣਗੇ। ਰੋਡਵੇਜ਼ ਮੁਲਾਜ਼ਮਾਂ ਨੇ ਕਿਸਾਨਾਂ ਦੇ ਸਹਿਯੋਗ ਵਿਚ ਚੱਕਾ ਜਾਮ ਦਾ ਐਲਾਨ ਕੀਤਾ ਹੈ।