ਪੰਜਾਬ-ਹਰਿਆਣਾ ਹਾਈਕੋਰਟ ਨੇ ਮੋਟਰ ਵਾਹਨ ਦੁਰਘਟਨਾ ਦੇ ਮੁਆਵਜ਼ੇ ਸਬੰਧੀ ਅਹਿਮ ਫੈਸਲਾ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਆਮਦਨ ਦਾ ਸਾਧਨ ਮੌਜੂਦ ਹੋਣ ਤੇ ਪੁੱਤਰ ‘ਤੇ ਆਰਥਿਕ ਤੌਰ ‘ਤੇ ਨਿਰਭਰ ਨਾ ਹੋਣ ਵਾਲਾ ਪਿਤਾ ਵੀ ਪੁੱਤਰ ‘ਤੇ ਨਿਰਭਰ ਹੁੰਦਾ ਹੈ। ਨਿਰਭਰ ਦਾ ਅਰਥ ਸਿਰਫ ਵਿੱਤੀ ਸਹਾਇਤਾ ਵਜੋੰ ਨਹੀਂ ਲਿਆ ਜਾਣਾ ਚਾਹੀਦਾ ਸਗੋਂ ਪਰਿਵਾਰ ਵਾਲਿਆਂ ਲਈ ਇਹ ਭਾਵਨਾਤਮਕ ਤੌਰ ‘ਤੇ ਨਿਰਭਰ, ਸੇਵਾ ਲਈ ਨਿਰਭਰ ਜਾਂ ਸਰੀਰਕ ਨਿਰਬਰਤਾ ਵਜੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਅਜਿਹੇ ਵਿੱਚ ਵਿੱਤੀ ਨਿਰਭਰ ਨਾ ਹੋਣ ‘ਤੇ ਵੀ ਪਿਤਾ ਪੁੱਤਰ ਦੀ ਮੌਤ ਦੇ ਮੁਆਵਜ਼ੇ ਦਾ ਹੱਕਦਾਰ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਬੀਮਾ ਕੰਪਨੀ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਰੇਵਾੜੀ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਟ੍ਰਿਬਿਊਨਲ ਨੇ ਮ੍ਰਿਤਕ ਦੀ ਪਤਨੀ, ਪਿਤਾ ਅਤੇ ਮਾਂ ਨੂੰ ਮੁਆਵਜ਼ੇ ਵਜੋਂ 18 ਲੱਖ ਰੁਪਏ ਸੌਂਪਣ ਦਾ ਹੁਕਮ ਦਿੱਤਾ ਸੀ। ਬੀਮਾ ਕੰਪਨੀ ਦਾ ਤਰਕ ਸੀ ਕਿ ਮ੍ਰਿਤਕ ਦੇ ਪਿਤਾ ਸੂਰਜ ਭਾਨ ਸਾਬਕਾ ਫੌਜੀ ਹਨ ਅਤੇ ਪੈਨਸ਼ਨ ਲੈਂਦੇ ਹਨ। ਇਸ ਤੋਂ ਇਲਾਵਾ ਉਸ ਕੋਲ ਤਿੰਨ ਏਕੜ ਵਾਹੀਯੋਗ ਜ਼ਮੀਨ ਹੈ ਅਤੇ ਇਸ ਲਈ ਉਸ ਨੂੰ ਆਪਣੇ ਮ੍ਰਿਤਕ ਪੁੱਤਰ ‘ਤੇ ਨਿਰਭਰ ਨਹੀਂ ਮੰਨਿਆ ਜਾ ਸਕਦਾ।
ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੂਰਜਭਾਨ ਕੋਲ ਤਿੰਨ ਏਕੜ ਜ਼ਮੀਨ ਹੈ ਅਤੇ ਸਾਬਕਾ ਫੌਜੀ ਹੋਣ ਦੇ ਨਾਤੇ ਉਹ ਪੈਨਸ਼ਨਰ ਹਨ, ਇਹ ਸੱਚ ਹੈ। ਇਨ੍ਹਾਂ ਦਲੀਲਾਂ ਤੋਂ ਸਪੱਸ਼ਟ ਹੈ ਕਿ ਉਹ ਮ੍ਰਿਤਕ ਵਿਅਕਤੀ ‘ਤੇ ਆਰਥਿਕ ਤੌਰ ‘ਤੇ ਨਿਰਭਰ ਨਹੀਂ ਸੀ ਪਰ ਨਿਰਭਰ ਸ਼ਬਦ ਦੇ ਵੱਖ-ਵੱਖ ਸਥਿਤੀਆਂ ਵਿੱਚ ਵੱਖ-ਵੱਖ ਅਰਥ ਹਨ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਮੁਆਵਜ਼ੇ ਦਾ ਦਾਅਵਾ ਸਿਰਫ ਵਿੱਤੀ ਨਿਰਭਰਤਾ ‘ਤੇ ਅਧਾਰਤ ਹੋਵੇ।
ਇਹ ਵੀ ਪੜ੍ਹੋ : ਜਲੰਧਰ ‘ਚ ਟ੍ਰੇਨ ਰੋਕਣ ਵਾਲੇ ਕਿਸਾਨਾਂ ‘ਤੇ ਕਾਰਵਾਈ, ਰੇਲਵੇ ਦੀ ਸ਼ਿਕਾਇਤ ‘ਤੇ 350 ‘ਤੇ ਹੋਇਆ ਪਰਚਾ
ਪਿਤਾ ਦੀ ਪੁੱਤਰ ‘ਤੇ ਸੇਵਾ ਨਿਰਭਰਤਾ, ਸਰੀਰਕ ਨਿਰਭਰਤਾ, ਭਾਵਨਾਤਮਕ ਨਿਰਭਰਤਾ ਅਤੇ ਮਨੋਵਿਗਿਆਨਕ ਨਿਰਭਰਤਾ ਵੀ ਹੈ। ਭਾਵੇਂ ਮ੍ਰਿਤਕ ਆਪਣੇ ਪਿਤਾ ਨੂੰ ਆਰਥਿਕ ਸਹਾਇਤਾ ਨਹੀਂ ਦੇ ਰਿਹਾ, ਫਿਰ ਵੀ ਪਿਤਾ ਵੱਲੋਂ ਪੁੱਤਰ ‘ਤੇ ਭਾਵਨਾਤਮਕ ਅਤੇ ਮਨੋਵਿਗਿਆਨਕ ਨਿਰਭਰਤਾ ਬਣੀ ਹੋਈ ਹੈ। ਅਜਿਹੇ ‘ਚ ਉਸ ਪਿਤਾ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਜਿਸ ਦੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਬੀਮਾ ਕੰਪਨੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਪਿਤਾ ਨੂੰ ਮੁਆਵਜ਼ੇ ਲਈ ਯੋਗ ਮੰਨਿਆ ਹੈ।
ਵੀਡੀਓ ਲਈ ਕਲਿੱਕ ਕਰੋ : –