ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ। ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੁਲਿਵੰਦਰ ਖਿਲਾਫ ਏਅਰਪੋਰਟ ਥਾਣੇ ਵਿੱਚ ਆਈਪੀਸੀ ਦੀ ਧਾਰਾ 323 ਅਤੇ 341 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਦੋਵੇਂ ਧਾਰਾਵਾਂ ਬੇਲੇਬਲ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਲਈ ਸੀਆਈਐਸਐਫ ਦੇ ਡੀਆਈਜੀ ਵਿਨੈ ਕੁਮਾਰ ਕਾਜਲਾ ਦਿੱਲੀ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚ ਗਏ ਹਨ। ਉਹ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ।
ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਉਸ ਨੇ ਵੀਰਵਾਰ ਨੂੰ ਦਿੱਲੀ ਜਾਣਾ ਸੀ। ਇਸ ਦੇ ਲਈ ਉਸ ਨੇ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਫੜਨੀ ਸੀ। ਸੁਰੱਖਿਆ ਜਾਂਚ ਤੋਂ ਬਾਅਦ ਕੰਗਨਾ ਅਜੇ ਅੱਗੇ ਵਧੀ ਹੀ ਸੀ ਕਿ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਨੂੰ ਦੇਖ ਕੇ ਉਥੇ ਮੌਜੂਦ ਲੋਕ ਅਤੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ। ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਹੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ।
ਕੁਲਵਿੰਦਰ ਕੌਰ ਸੁਲਤਾਨਪੁਰ ਲੋਧੀ, ਪੰਜਾਬ ਦੀ ਰਹਿਣ ਵਾਲੀ ਹੈ। ਉਸ ਦਾ ਪਰਿਵਾਰ ਕਿਸਾਨ ਅੰਦੋਲਨ ਨਾਲ ਜੁੜਿਆ ਰਿਹਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੁਲਵਿੰਦਰ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਕੰਗਨਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ‘ਚ ਔਰਤਾਂ 100-100 ਰੁਪਏ ਲਈ ਬੈਠੀਆਂ ਹਨ। ਕੀ ਉਹ (ਕੰਗਨਾ) ਉੱਥੇ ਬੈਠੀ ਸੀ? ਮੇਰੀ ਮਾਂ ਉਥੇ ਬੈਠੀ ਸੀ।
ਇਸ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ, ਚੰਡੀਗੜ੍ਹ ਏਅਰਪੋਰਟ ‘ਤੇ ਇਹ ਘਟਨਾ ਸੁਰੱਖਿਆ ਜਾਂਚ ਦੌਰਾਨ ਵਾਪਰੀ ਹੈ। ਸੁਰੱਖਿਆ ਜਾਂਚ ਤੋਂ ਬਾਅਦ ਜਿਵੇਂ ਹੀ ਮੈਂ ਬਾਹਰ ਆਈ ਤਾਂ ਦੂਜੇ ਕੈਬਿਨ ‘ਚ ਬੈਠੀ ਸੀਆਈਐੱਸਐੱਫ ਦੇ ਸੁਰੱਖਿਆ ਕਰਮੀ ਨੇ ਮੇਰੇ ਮੂੰਹ ‘ਤੇ ਹਿਟ ਕੀਤਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: