ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ‘ਤੇ ਬੁੱਧਵਾਰ ਰਾਤ ਨੂੰ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਗਈ। ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ। ਅਧਿਕਾਰੀਆਂ ਮੁਤਾਬਕ ਫਾਰੂਕ ਜੰਮੂ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਸਨ। ਸੂਬੇ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਵੀ ਉਨ੍ਹਾਂ ਦੇ ਨਾਲ ਸਨ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ 70 ਸਾਲਾ ਹਮਲਾਵਰ ਕਮਲ ਸਿੰਘ ਜਾਮਵਾਲ ਨੂੰ ਪਿੱਛੇ ਤੋਂ ਆ ਕੇ ਫਾਰੂਕ ਦੇ ਸਿਰ ‘ਤੇ ਰਿਵਾਲਵਰ ਤਾਣਦੇ ਦਿਖਾਈ ਦਿੱਤਾ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਮਲਾਵਰ ਦਾ ਹੱਥ ਹਟਾ ਦਿੱਤਾ, ਜਿਸ ਨਾਲ ਫਾਇਰ ਹਵਾ ਵਿਚ ਹੋ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਮਲੇ ਦੇ ਉਦੇਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਨੇ ਪੁਲਿਸ ਨੂੰ ਦੱਸਿਆ, “ਮੈਂ ਪਿਛਲੇ 20 ਸਾਲਾਂ ਤੋਂ ਫਾਰੂਕ ਅਬਦੁੱਲਾ ਨੂੰ ਮਾਰਨਾ ਚਾਹੁੰਦਾ ਸੀ। ਇਹੀ ਮੇਰਾ ਇੱਕੋ ਇੱਕ ਉਦੇਸ਼ ਸੀ।”

ਪੁਲਿਸ ਮੁਤਾਬਕ ਹਮਲਾਵਰ ਪਿਛਲੇ ਕਈ ਸਾਲਾਂ ਤੋਂ ਲਾਇਸੈਂਸਸ਼ੁਦਾ ਹਥਿਆਰ ਦੀ ਵਰਤੋਂ ਕਰ ਰਿਹਾ ਹੈ। ਫਾਰੂਕ ਅਬਦੁੱਲਾ, ਸੁਰਿੰਦਰ ਚੌਧਰੀ ਅਤੇ ਹੋਰ ਸੀਨੀਅਰ ਆਗੂ ਨੈਸ਼ਨਲ ਕਾਨਫਰੰਸ ਦੇ ਨੇਤਾ ਸੁਰਜੀਤ ਸਿੰਘ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋ ਰਹੇ ਸਨ। ਹਮਲਾਵਰ ਸੁਰਜੀਤ ਸਿੰਘ ਦਾ ਚਚੇਰਾ ਭਰਾ ਹੈ। ਉਹ ਇੱਕ ਵਪਾਰੀ ਹੈ ਅਤੇ ਪੁਰਾਣੇ ਸ਼ਹਿਰ ਵਿੱਚ ਕਈ ਦੁਕਾਨਾਂ ਦਾ ਮਾਲਕ ਹੈ।
ਫਾਰੂਕ ਦੇ ਪੁੱਤਰ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ X ‘ਤੇ ਲਿਖਿਆ ਕਿ ਇੱਕ ਆਦਮੀ ਬਹੁਤ ਹੀ ਨੇੜੇ ਤੋਂ ਇੱਕ ਲੋਡਿਡ ਪਿਸਤੌਲ ਲੈ ਕੇ ਆਇਆ ਅਤੇ ਗੋਲੀ ਚਲਾ ਦਿੱਤੀਆਂ। “ਰੱਬ ਦਾ ਸ਼ੁਕਰ ਹੈ ਕਿ ਮੇਰੇ ਪਿਤਾ ਵਾਲ-ਵਾਲ ਬਚ ਗਏ,” ਉਸਨੇ ਕਿਹਾ। “ਸਵਾਲ ਇਹ ਉੱਠਦਾ ਹੈ: ਕੋਈ Z+ NSG-ਸੁਰੱਖਿਅਤ ਸਾਬਕਾ ਮੁੱਖ ਮੰਤਰੀ ਦੇ ਇੰਨਾ ਨੇੜੇ ਕਿਵੇਂ ਪਹੁੰਚ ਗਿਆ?”
ਇਹ ਵੀ ਪੜ੍ਹੋ : LPG-ਪੈਟਰੋਲ-ਡੀਜ਼ਲ ਦੀ ਘਾਟ ਦੀ ਅਫਵਾਹ ਗਲਤ, DC ਬੋਲੇ- ਘਬਰਾਉਣ ਦੀ ਲੋੜ ਨਹੀਂ
ਦੱਸ ਦੇਈਏ ਕਿ ਡਾ. ਫਾਰੂਕ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਪ੍ਰਧਾਨ ਹਨ। ਉਹ ਤਿੰਨ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਿਤਾ, ਸ਼ੇਖ ਅਬਦੁੱਲਾ, ਮੁੱਖ ਮੰਤਰੀ ਵੀ ਰਹੇ ਸਨ। ਫਾਰੂਕ ਦੇ ਪੁੱਤਰ ਉਮਰ ਅਬਦੁੱਲਾ ਇਸ ਵੇਲੇ ਸੂਬੇ ਦੇ ਮੁੱਖ ਮੰਤਰੀ ਹਨ।
ਵੀਡੀਓ ਲਈ ਕਲਿੱਕ ਕਰੋ -:
























