ਪੰਜਾਬ ਵਿੱਚ ਸਵਾਈਨ ਫਲੂ ਨੇ ਦਸਤਕ ਦਿੱਤੀ ਹੈ। ਲੁਧਿਆਣਾ ‘ਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ। ਹਸਪਤਾਲਾਂ ਨੂੰ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਫਲੂ ਕਾਰਨਰ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਆਕਸੀਜਨ ਦਾ ਸਟਾਕ ਪੂਰਾ ਰੱਖਣ ਲਈ ਵੀ ਕਿਹਾ ਗਿਆ ਹੈ। ਪਹਿਲਾ ਮਰੀਜ਼ ਪੀਏਯੂ ਕੈਂਪਸ ਤੋਂ ਸਾਹਮਣੇ ਆਇਆ ਹੈ। 62 ਸਾਲਾਂ ਔਰਤ ਫਿਲਹਾਲ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਔਰਤ ਨੂੰ ਦਿਲ ਦੀ ਸਮੱਸਿਆ ਵੀ ਹੈ।
ਸਵਾਈਨ ਫਲੂ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸ਼ੀਤਲ ਨੇ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਹੋਰ ਬਿਮਾਰੀਆਂ ਤੋਂ ਵੀ ਬਚਾਉਣ ਦੀ ਵਿਸ਼ੇਸ਼ ਲੋੜ ਹੈ। ਸ਼ਹਿਰ ‘ਚੋਂ ਸਵਾਈਨ ਫਲੂ ਦਾ ਪਹਿਲਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਅਲਰਟ ਮੋਡ ‘ਤੇ ਹੈ। ਇਹ ਫਲੂ ਜਿਆਦਾਤਰ ਸਰਦੀਆਂ ਦੇ ਮੌਸਮ ਵਿੱਚ ਆਪਣਾ ਪ੍ਰਭਾਵ ਦਿਖਾਉਂਦਾ ਹੈ। ਜ਼ਿਲ੍ਹੇ ਵਿੱਚ ਸਵਾਈਨ ਫਲੂ ਦੀ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਸ਼ੁਰੂ ਕਰ ਦਿੱਤੀ ਗਈ ਹੈ। ਹਸਪਤਾਲਾਂ ਵਿੱਚ ਵਿਸ਼ੇਸ਼ ਸਟਾਫ਼ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਦੱਸ ਦੇਈਏ ਕਿ ਜਿਵੇਂ ਕਿ ਇਹ ਵਾਇਰਸ ਸੰਕ੍ਰਮਿਤ ਮਰੀਜ਼ ਵੱਲੋਂ ਛਿੱਕਣ, ਖੰਘਣ ਨਾਲ ਸੰਭਾਵਤ ਤੌਰ ‘ਤੇ ਮੂੰਹ ਰਾਹੀਂ ਦੂਜੇ ਵਿਅਕਤੀ ਵਿੱਚ ਦਾਖਲ ਹੁੰਦਾ ਹੈ। ਇਸ ਤੋਂ ਇਲਾਵਾ ਇਹ ਉਦੋਂ ਵੀ ਫੈਲ ਸਕਦਾ ਹੈ ਜਦੋਂ ਕੋਈ ਵਿਅਕਤੀ ਵਾਇਰਸ ਨਾਲ ਸੰਕਰਮਿਤ ਕਿਸੇ ਚੀਜ਼ ਨੂੰ ਛੂੰਹਦਾ ਹੈ ਅਤੇ ਬਾਅਦ ਵਿੱਚ ਆਪਣੇ ਨੱਕ, ਮੂੰਹ ਜਾਂ ਅੱਖਾਂ ਨੂੰ ਛੂਹੰਦਾ ਹੈ।
ਸਵਾਈਨ ਫਲੂ ਦੇ ਲੱਛਣ
ਡਾ: ਸ਼ੀਤਲ ਨੇ ਦੱਸਿਆ ਕਿ ਲੱਛਣ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ, ਸਰੀਰ ਵਿੱਚ ਦਰਦ, ਸਿਰ ਦਰਦ, ਠੰਢ ਅਤੇ ਥਕਾਵਟ ਵਰਗੇ ਆਮ ਫਲੂ ਵਾਂਗ ਹਨ। ਸਵਾਈਨ ਫਲੂ ਵਾਲੇ ਬਹੁਤ ਸਾਰੇ ਲੋਕਾਂ ਨੂੰ ਦਸਤ ਅਤੇ ਉਲਟੀਆਂ ਦਾ ਅਨੁਭਵ ਵੀ ਹੋਇਆ ਹੈ, ਪਰ ਇਹ ਲੱਛਣ ਕਈ ਹੋਰ ਸਥਿਤੀਆਂ ਕਾਰਨ ਵੀ ਹੋ ਸਕਦੇ ਹਨ। ਆਮ ਤੌਰ ‘ਤੇ ਮਾਨਸੂਨ ਦੌਰਾਨ ਕੇਸ ਵਧ ਜਾਂਦੇ ਹਨ। ਇਸ ਸਥਿਤੀ ਵਿੱਚ, ਗਲੇ ਵਿੱਚ ਖਰਾਸ਼ ਅਤੇ ਖੰਘ ਦੇ ਹਲਕੇ ਲੱਛਣ ਦਿਖਾਈ ਦਿੰਦੇ ਹਨ। ਸਿਰਫ਼ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਹੀ ਆਈਸੀਯੂ ਜਾਂ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਢਿੱਡ ਪੀੜ ਮਗਰੋਂ 5 ਬੱਚਿਆਂ ਦੀ ਮਾਂ ਦੀ ਮੌ.ਤ, ਘਰ ‘ਚ ਰੱਖੀ ਪੇਨ ਕਿਲਰ ਖਾਣ ਮਗਰੋਂ ਵਿਗੜੀ ਤਬੀਅਤ
ਸਵਾਈਨ ਫਲੂ ਤੋਂ ਬਚਣ ਲਈ ਸਾਫ਼-ਸਫ਼ਾਈ ਦਾ ਪਾਲਣ ਕਰਨਾ ਚਾਹੀਦਾ ਹੈ, ਜਿਵੇਂ ਕਿ ਛਿੱਕਣ ਵੇਲੇ ਨੱਕ ਢੱਕਣਾ, ਖੰਘਣ ਵੇਲੇ ਰੁਮਾਲ ਜਾਂ ਟਿਸ਼ੂ ਦੀ ਵਰਤੋਂ ਕਰਨੀ, ਫਲੂ ਦੀ ਲਾਗ ਤੋਂ ਬਚਣ ਲਈ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਾ: ਸ਼ੀਤਲ ਨੇ ਕਿਹਾ ਕਿ ਸਵਾਈਨ ਫਲੂ ਦੇ ਇਲਾਜ ਵਿਚ ਕੋਈ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਮੁਸ਼ਕਿਲਾਂ ਵਧ ਸਕਦੀਆਂ ਹਨ ਅਤੇ ਮੌਤ ਦਾ ਖ਼ਤਰਾ ਵੀ ਬਣ ਸਕਦਾ ਹੈ। ਬੀ.ਪੀ., ਸ਼ੂਗਰ, ਕਮਜ਼ੋਰ ਸਰੀਰ ਜਾਂ ਗਰਭ ਅਵਸਥਾ ਵਰਗੀਆਂ ਸਥਿਤੀਆਂ ਤੋਂ ਪੀੜਤ ਲੋਕਾਂ ਦੇ ਨਾਲ-ਨਾਲ ਬਜ਼ੁਰਗ ਨਾਗਰਿਕਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਖੁਦ ਦਵਾਈਆਂ ਦੀ ਵਰਤੋਂ ਨਾ ਕਰੋ, ਡਾਕਟਰਾਂ ਦੀ ਸਲਾਹ ਲਓ।
ਵੀਡੀਓ ਲਈ ਕਲਿੱਕ ਕਰੋ : –