ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਸ਼ਹਿਰ ਦੇ ਲੋਕਾਂ ਨੂੰ ਪ੍ਰਤੀ ਘਰ ਪ੍ਰਤੀ ਮਹੀਨਾ 20 ਹਜ਼ਾਰ ਲੀਟਰ ਪਾਣੀ ਮੁਫ਼ਤ ਦਿੱਤਾ ਗਿਆ ਹੈ। ਇਸ ਦੇ ਲਈ ਨਗਰ ਨਿਗਮ ਵਿੱਚ ਟੇਬਲ ਏਜੰਡਾ ਲਿਆਂਦਾ ਗਿਆ। ਇਹ ਏਜੰਡਾ ਕਾਂਗਰਸੀ ਕੌਂਸਲਰ ਤਰੁਣਾ ਮਹਿਤਾ ਵੱਲੋਂ ਲਿਆਂਦਾ ਗਿਆ ਸੀ।
ਮੇਅਰ ਕੁਲਦੀਪ ਕੁਮਾਰ ਨੇ ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਸੱਤ ਏਜੰਡੇ ਰੱਖੇ ਸਨ, ਜਿਨ੍ਹਾਂ ਵਿੱਚ ਸ਼ਹਿਰ ਵਾਸੀਆਂ ਨੂੰ ਹਰ ਮਹੀਨੇ 20,000 ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਉਣਾ ਅਤੇ ਸ਼ਹਿਰ ਭਰ ਵਿੱਚ ਪਾਰਕਿੰਗ ਫੀਸ ਮੁਆਫ਼ ਕਰਨਾ (ਚੰਡੀਗੜ੍ਹ ਪਾਰਕਿੰਗ ਮੁਫ਼ਤ) ਸ਼ਾਮਲ ਹਨ। ਹੁਣ ਇਸ ਬਾਰੇ ਮੇਅਰ ਕੁਲਦੀਪ ਕੁਮਾਰ ਨੇ ਵੱਡਾ ਐਲਾਨ ਕੀਤਾ ਹੈ।
ਇਸ ਨਾਲ ਚੰਡੀਗੜ੍ਹ ਦੀਆਂ ਸਾਰੀਆਂ ਪਾਰਕਿੰਗਾਂ ਮੁਫ਼ਤ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਕਿਸੇ ਵੀ ਸੂਬੇ ਦੇ ਵਾਹਨਾਂ ਤੋਂ ਕੋਈ ਪਾਰਕਿੰਗ ਚਾਰਜ ਨਹੀਂ ਵਸੂਲਿਆ ਜਾਵੇਗਾ। ਬੀਤੇ ਦਿਨ ਨਿਗਮ ਦੀ ਮੀਟਿੰਗ ਵਿੱਚ ਇਸ ਦਾ ਟੇਬਲ ਏਜੰਡਾ ਵੀ ਪਾਸ ਕੀਤਾ ਗਿਆ ਹੈ।
ਜਦਕਿ ਭਾਜਪਾ ਨੇ 20 ਹਜ਼ਾਰ ਲੀਟਰ ਦੀ ਬਜਾਏ 40 ਹਜ਼ਾਰ ਲੀਟਰ ਪਾਣੀ ਮੁਫ਼ਤ ਕਰਨ ਦਾ ਸੁਝਾਅ ਦਿੱਤਾ ਸੀ। ਪਰ ਬਹੁਮਤ ਨਾ ਹੋਣ ਕਾਰਨ ਨਿਗਮ ਨੇ ਮਨਜ਼ੂਰ ਨਹੀਂ ਕੀਤਾ। ਹੁਣ ਇਹ ਪ੍ਰਸਤਾਵ ਚੰਡੀਗੜ੍ਹ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਤੇਜ਼ ਹਵਾਵਾਂ ਨਾਲ ਪਏਗਾ ਮੀਂਹ, 15 ਜ਼ਿਲ੍ਹਿਆਂ ਲਈ ਅਲਰਟ ਜਾਰੀ
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ 89 ਪਾਰਕਿੰਗ ਥਾਵਾਂ ਹਨ ਜਿਨ੍ਹਾਂ ਦਾ ਪ੍ਰਬੰਧਨ ਨਗਰ ਨਿਗਮ ਦੁਆਰਾ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸਾਰਿਆਂ ਵਿੱਚ ਚਾਰ ਪਹੀਆ ਵਾਹਨ ਪਾਰਕਿੰਗ ਸਥਾਨਾਂ ਦੇ ਬਰਾਬਰ ਦੋਪਹੀਆ ਵਾਹਨ ਪਾਰਕਿੰਗ ਸਥਾਨ ਹਨ।
ਵੀਡੀਓ ਲਈ ਕਲਿੱਕ ਕਰੋ -: