22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਲੋਕ ਹੁਣ ਰਾਮਲੱਲਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਦੇਸ਼ ਭਰ ਤੋਂ ਸ਼ਰਧਾਲੂ ਹਰ ਰੋਜ਼ ਅਯੁੱਧਿਆ ਪਹੁੰਚ ਰਹੇ ਹਨ। ਅਜਿਹੇ ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਮ ਭਗਤਾਂ ਨੂੰ ਤੋਹਫਾ ਦਿੱਤਾ ਹੈ। ਹੁਣ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਸਿਟੀ ਬਿਊਟੀਫੁੱਲ ਤੋਂ ਅਯੁੱਧਿਆ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਨੇ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਲੋਕਾਂ ਦੀਆਂ ਉਮੜੀਆਂ ਭਾਰੀ ਭਾਵਨਾਵਾਂ ਨੂੰ ਸਮਝਦੇ ਹੋਏ ਹੋਰ ਧਾਰਮਿਕ ਸਥਾਨਾਂ ਵਾਂਗ ਅਯੁੱਧਿਆ ਲਈ ਆਪਣੀ ਲੰਬੀ ਰੂਟ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਇਹ ਬੱਸ ਸੇਵਾ ਬਸੰਤ ਪੰਚਮੀ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਅਯੁੱਧਿਆ ਧਾਮ ਤੱਕ ਸ਼ੁਰੂ ਹੋ ਜਾਵੇਗੀ। ਇਹ ISBT-17 ਤੋਂ ਰੋਜ਼ਾਨਾ ਦੁਪਹਿਰ 1.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 8.30 ਵਜੇ ਅਯੁੱਧਿਆ ਪਹੁੰਚੇਗੀ। ਇਸੇ ਤਰ੍ਹਾਂ ਇਹ ਬੱਸ ਰੋਜ਼ਾਨਾ ਸ਼ਾਮ 4.30 ਵਜੇ ਅਯੁੱਧਿਆ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.05 ਵਜੇ ਚੰਡੀਗੜ੍ਹ ਦੇ ਸੈਕਟਰ-17 ਦੇ ਬੱਸ ਅੱਡੇ ‘ਤੇ ਪਹੁੰਚੇਗੀ।
ਇਹ ਵੀ ਪੜ੍ਹੋ : ਤਰਨਤਾਰਨ : ਦਵਾਈ ਲੈਣ ਜਾ ਰਹੇ ਨਵੇਂ ਜੋੜੇ ਨਾਲ ਵਾਪਰ ਗਿਆ ਭਾਣਾ, ਅਜੇ 4 ਮਹੀਨੇ ਹੋਏ ਸਨ ਵਿਆਹ ਨੂੰ
ਅਧਿਕਾਰਤ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ 947 ਕਿਲੋਮੀਟਰ ਦੀ ਇਸ ਯਾਤਰਾ ਦਾ ਕਿਰਾਇਆ 1706 ਰੁਪਏ ਰੱਖਿਆ ਗਿਆ ਹੈ। ਬੱਸ ਦਾ ਇਕਤਰਫਾ ਸਫਰ 19 ਘੰਟੇ ਦਾ ਹੋਵੇਗਾ। ਸੀਟੀਯੂ ਨੇ ਪਹਿਲਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕਈ ਥਾਵਾਂ ‘ਤੇ ਬੱਸ ਸੇਵਾਵਾਂ ਚਲਾਈਆਂ ਹਨ। ਇਹ ਪਹਿਲਾਂ ਹੀ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਚੱਲ ਰਹੀ ਹੈ। ਸਾਲਾਸਰ, ਖਾਟੂ ਸ਼ਿਆਮ, ਵ੍ਰਿੰਦਾਵਨ, ਹਰਿਦੁਆਰ, ਕਟੜਾ, ਜਵਾਲਾ ਜੀ, ਚਾਮੁੰਡਾ ਦੇਵੀ ਆਦਿ ਲਈ ਪਹਿਲਾਂ ਹੀ ਬੱਸ ਸੇਵਾਵਾਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਯੂਪੀ ਸਰਕਾਰ ਨੂੰ ਛੇ ਰੂਟਾਂ ਦਾ ਪ੍ਰਸਤਾਵ ਭੇਜਿਆ ਹੈ, ਤਾਂ ਜੋ ਸ਼ਰਧਾਲੂ ਉਥੋਂ ਅਯੁੱਧਿਆ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ –