ਗੈਂਗਸਟਰ ਦੀਪਕ ਟੀਨੂੰ ਨੂੰ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਮਾਨਸਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ। ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਸ ਨੇ ਇਕ ਪੁਲਿਸ ਮੁਲਾਜ਼ਮ ਨੂੰ ਕਿਹਾ ਸੀ ਕਿ ਉਹ ਦੋ ਵਾਰ ਹਿਰਾਸਤ ‘ਚੋਂ ਫਰਾਰ ਹੋ ਚੁੱਕਾ ਹੈ ਪਰ ਦੋਵੇਂ ਵਾਰ ਫੜਿਆ ਗਿਆ। ਇਸ ਵਾਰ ਭੱਜਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇ ਫਰਾਰ ਹੋਇਆ ਤਾਂ ਪੁਲਿਸ ਦੇ ਹੱਥ ਨਹੀਂ ਆਵਾਂਗਾ। ਪ੍ਰਿਤਪਾਲ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਟੀਨੂੰ ਫਰਾਰ ਹੋ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਟੀਨੂੰ ਨੇ ਪ੍ਰਿਤਪਾਲ ਸਿੰਘ ਨੂੰ ਇਹ ਝਾਂਸਾ ਦਿੱਤਾ ਸੀ ਕਿ ਉਹ ਉਸ ਨੂੰ ਨਾਜਾਇਜ਼ ਹਥਿਆਰਾਂ ਦੀ ਵੱਡੀ ਬਰਾਮਦਗੀ ਕਰਵਾ ਦੇਵੇਗਾ। ਨਾਲ ਹੀ ਗੈਂਗਸਟਰਾਂ ਬਾਰੇ ਸਹੀ ਜਾਣਕਾਰੀ ਦੇਵੇਗਾ। ਇਸੇ ਲਾਲਚ ਵਿੱਚ ਪ੍ਰਿਤਪਾਲ ਸਿੰਘ ਟੀਨੂੰ ‘ਤੇ ਮਿਹਰਬਾਨ ਹੋ ਗਿਆ।
ਅਕਸਰ ਹੀ ਛੋਟੇ-ਮੋਟੇ ਕੇਸਾਂ ਵਿੱਚ ਫੜੇ ਗਏ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਨ ਵੇਲੇ ਹਥਕੜੀਆਂ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਸ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ। ਸੀਆਈਏ ਇੰਚਾਰਜ ਪ੍ਰਿਤਪਾਲ ਦੇ ਮਾਮਲੇ ਵਿੱਚ ਪੁਲਿਸ ਨੇ ਅਜਿਹਾ ਨਹੀਂ ਕੀਤਾ। ਮਾਨਸਾ ਪੁਲਿਸ ਨੇ ਸੋਮਵਾਰ ਨੂੰ ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸ ਦੇ ਹੱਥਾਂ ਵਿੱਚ ਕੋਈ ਹਥਕੜੀ ਨਹੀਂ ਸੀ। ਅਦਾਲਤ ਤੋਂ ਬਾਹਰ ਆਉਣ ਵੇਲੇ ਵੀ ਉਸ ਦੇ ਚਿਹਰੇ ‘ਤੇ ਕੋਈ ਪ੍ਰੇਸ਼ਾਨੀ ਨਹੀਂ ਸੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰੀ ਦੌਰਾਨ ਪ੍ਰਿਤਪਾਲ ਸਿੰਘ ਅਤੇ ਟੀਨੂੰ ਦੀ ਦੋਸਤੀ ਹੋਈ ਸੀ। ਟੀਨੂੰ ਨੂੰ ਅਜੇ ਵੀ ਸੀਆਈਏ ਸਟਾਫ ਮਾਨਸਾ ਵਿੱਚ ਰੱਖਿਆ ਗਿਆ ਸੀ। ਪ੍ਰਿਤਪਾਲ ਸਿੰਘ ਇੰਚਾਰਜ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਦੋਵਾਂ ਵਿਚਾਲੇ ਵੱਡੀ ਡੀਲ ਹੋਈ। ਇਹ ਵੀ ਪਤਾ ਲੱਗਾ ਹੈ ਕਿ ਟੀਨੂੰ ਨੂੰ ਇੱਕ ਹੋਰ ਮਾਮਲੇ ਵਿੱਚ ਪਲਾਨਿੰਗ ਮੁਤਾਬਕ ਸੀ.ਆਈ.ਏ.ਮਾਨਸਾ ਵਿੱਚ ਵਾਪਸ ਲਿਆਂਦਾ ਗਿਆ ਸੀ ਤਾਂ ਜੋ ਉਸ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਿਤਪਾਲ ਸਿੰਘ ਨੇ ਇੱਥੇ ਉਸ ਦੀ ਪੂਰੀ ਮਹਿਮਾਨ ਨਿਵਾਜ਼ੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਪ੍ਰਿਤਪਾਲ ਸਿੰਘ ਨਾਲ ਨੇੜਤਾ ਦਾ ਫਇਆਦਾ ਚੁੱਕ ਕੇ ਸ਼ਨੀਵਾਰ ਰਾਤ ਉਹ ਝੁਨੀਰ ਦੇ ਗੈਸਟ ਹਾਊਸ ਤੋਂ ਆਪਣੀ ਮਾਸ਼ੂਕਾ ਨਾਲ ਫਰਾਰ ਹੋ ਗਿਆ ਜਦਕਿ ਦੂਜੇ ਕਮਰੇ ਵਿੱਚ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਸੌਂਦੇ ਰਹਿ ਗਏ। ਪ੍ਰਿਤਪਾਲ ਸਿੰਘ ਹਾਈ ਪ੍ਰੋਫਾਈਲ ਕੇਸ ਵਿੱਚ ਬੰਦ ਗੈਂਗਸਟਰ ਨੂੰ ਬਿਨਾਂ ਹਥਕੜੀ ਤੇ ਬਿਨਾਂ ਸਕਿਓਰਿਟੀ ਦੇ ਆਪਣੀ ਹੀ ਗੱਡੀ ਵਿੱਚ ਲਿਜਾ ਕੇ ਇੰਨਾ ਵੱਡਾ ਖਤਰਾ ਉਠਾ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਗੈਂਗਸਟਰ ਨੂੰ ਪ੍ਰਿਤਪਾਲ ਇਸ ਤਰ੍ਹਾਂ ਤੋਂ ਲਿਜਾ ਰਹੇ ਹੋਣ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਕਾਬੁਲ ਦੇ ਸਕੂਲ ‘ਚ ਹੋਏ ਆਤਮਘਾਤੀ ਬੰਬ ਧਮਾਕੇ ‘ਚ 46 ਲੜਕੀਆਂ ਸਣੇ 53 ਦੀ ਮੌਤ
ਰਿਪੋਰਟਾਂ ਮੁਤਾਬਕ ਗੈਂਗਸਟਰ ਨੇ ਪ੍ਰਿਤਪਾਲ ਨੂੰ ਭਰੋਸਾ ਦਿੱਤਾ ਸੀ ਕਿ ਉਹ ਭੱਜੇਗਾ ਨਹੀਂ ਅਤੇ ਸਿਰਫ ਉਸ ਦੀ ਮੁਲਾਕਾਤ ਉਸ ਦੀ ਗਰਲਫ੍ਰੈਂਡ ਨਾਲ ਕਰਵਾ ਦਿਓ। ਇਸ ਤੋੰ ਬਾਅਦ ਲਾਲਚ ਕਰਕੇ ਪ੍ਰਿਤਪਾਲ ਸਿੰਘ ਗੈਂਗਸਟਰ ਦੀਪਕ ਟੀਨੂੰ ‘ਤੇ ਭਰੋਸਾ ਕਰਨ ਲੱਗਾ। ਉਹ ਅਕਸਰ ਝੁਨੀਰ ਕਸਬੇ ਦੇ ਇੱਕ ਗੈਸਟ ਹਾਊਸ ਵਿੱਚ ਉਸ ਦੀ ਪ੍ਰੇਮਿਕਾ ਨੂੰ ਮਿਲਵਾਉਣ ਲਿਜਾਂਦਾ ਸੀ। ਸ਼ਨੀਵਾਰ ਰਾਤ ਵੀ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨੂੰ ਮਿਲਵਾਉਣ ਹੀ ਉਹ ਗੈਸਟ ਹਾਊਸ ਗਿਆ ਸੀ ਤੇ ਜਦੋਂ ਉਹ ਦੋਵੇਂ ਇੱਕ ਕਮਰੇ ਵਿੱਚ ਰੁਕੇ ਤਾਂ ਪ੍ਰਿਤਪਾਲ ਦੂਜੇ ਕਮਰੇ ਵਿੱਚ ਚਲਾ ਗਿਆ।
ਅਸਲ ‘ਚ ਟੀਨੂੰ ਨੇ ਭੱਜਣ ਦਾ ਪਲਾਨ ਪਹਿਲਾਂ ਹੀ ਬਣਾਇਆ ਹੋਇਆ ਸੀ। ਉਸ ਨੇ ਫੋਨ ਰਕੇਕ ਆਪਣੇ ਦੋਸਤਾਂ ਨੂੰ ਮਾਨਸਾ ਵਿੱਚ ਇੱਕ ਥਾਂ ਗੱਡੀ ਲੈ ਕੇ ਖੜ੍ਹੇ ਰਹਿਣ ਲਈ ਕਹਿ ਦਿੱਤਾ ਸੀ। ਸ਼ਨੀਵਾਰ ਰਾਤ ਨੂੰ ਮੌਕਾ ਮਿਲਦੇ ਹੀ ਉਹ ਫਰਾਰ ਹੋ ਗਿਆ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੀਨੂੰ ਨੇ ਬੈਂਕ ਵਿੱਚੋਂ ਪੈਸੇ ਵੀ ਕਢਵਾਏ ਸਨ। ਐਸਐਸਪੀ ਗੌਰਵ ਧੂਰਾ ਖੁਦ ਇਸ ਗੱਲ ਦੀ ਜਾਂਚ ਵਿੱਚ ਜੁੱਟੇ ਹੋਏ ਹਨ ਕਿ ਹਿਰਾਸਤ ਦੌਰਾਨ ਕਿਸ ਬੈਂਕ ਵਿੱਚੋਂ ਕਿੰਨੇ ਪੈਸੇ ਕਢਵਾਏ ਗਏ। ਇਸ ਪੂਰੇ ਮਾਮਲੇ ‘ਚ ਕਿੰਨਾ ਪੈਸਾ ਲਿਆ ਗਿਆ ਹੈ, ਇਸ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਪੁਲਿਸ ਨੇ ਆਰਥਿਕ ਅਪਰਾਧ ਸ਼ਾਖਾ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਹੈ।
ਐਂਟੀ ਗੈਂਗਸਟਰ ਫੋਰਸ ਦੇ ਏਆਈਜੀ ਗੁਰਮੀਤ ਚੌਹਾਨ ਦਾ ਕਹਿਣਾ ਹੈ ਕਿ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰੀ ਅਤੇ ਜਾਂਚ ਹੋ ਚੁੱਕੀ ਹੈ। ਉਸ ਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਸੀ। ਇਸ ਵਿੱਚ ਪ੍ਰਿਤਪਾਲ ਸਿੰਘ ਦੀ ਕੋਈ ਅਹਿਮ ਭੂਮਿਕਾ ਨਹੀਂ ਸੀ। ਹੁਣ ਅਧਿਕਾਰੀ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਜਾਂਚ ਕਰ ਰਹੇ ਹਨ। ਇਹ ਇੱਕ ਵੱਖਰਾ ਵਿਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: