ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਐਤਵਾਰ ਨੂੰ ਵੀ ਕਿਸਾਨਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਗਰੁੱਪ ਰਹਿਣ-ਖਾਣ ਦੀ ਤਿਆਰੀ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਦਿੱਲੀ ਜਾਣਗੇ। ਇਸ ਦੇ ਨਾਲ ਹੀ ਅੱਜ ਯਾਨੀ ਸੋਮਵਾਰ ਨੂੰ ਕਿਸਾਨਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਇਕੱਠ ਹੋਣਾ ਹੈ।
ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਿਹਾ ਕਿ “ਅਸੀਂ ਬਿਆਸ ਤੋਂ ਸ਼ੁਰੂਆਤ ਕਰਾਂਗੇ ਅਤੇ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋਵਾਂਗੇ। ਸਾਡੀਆਂ ਮੰਗਾਂ ਇੱਕੋ ਹਨ। ਉਨ੍ਹਾਂ ਕਿਹਾ ਕਿ ਮੰਦਭਾਗਾ ਹੈ ਕਿ ਭਾਰਤੀ ਕਿਸਾਨ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ, ਅਸੀਂ ਦੇਸ਼ ਵਿਰੋਧੀ ਨਹੀਂ ਹਾਂ। ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। 75 ਸਾਲਾਂ ਤੋਂ ਸਾਡੀਆਂ ਮੰਗਾਂ ਸਨ, ਜਿਸ ਦੀ ਸੁਣਵਾਈ ਨਹੀਂ ਹੋਈ। ਅਸੀਂ ਸ਼ਾਂਤੀ ਨਾਲ ਅੱਗੇ ਵਧਾਂਗੇ ਅਤੇ ਸਾਡਾ ਮਕਸਦ ਹੈ ਕਿ ਸਰਕਾਰ ਸਾਡੀਆਂ ਮੰਗਾਂ ਸੁਣੇ।
ਕਿਸਾਨਾਂ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। 13 ਫਰਵਰੀ ਨੂੰ ਪੰਜਾਬ ਦੇ ਕਿਸਾਨ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਜਾਣਗੇ। ਜੇ ਸਰਕਾਰ ਮੰਗਾਂ ਮੰਨ ਲਵੇ ਤਾਂ ਸਾਨੂੰ ਦਿੱਲੀ ਜਾਣ ਦੀ ਕੋਈ ਲੋੜ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਅਸੀਂ MSP ਖਰੀਦ ਗਾਰੰਟੀ ਕਾਨੂੰਨ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਸਵਾਮੀਨਾਥਨ ਰਿਪੋਰਟ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਗੰਨੇ ਦਾ ਵਾਜਬ ਮੁੱਲ ਮੰਗ ਹੈ ਜਿਸ ਨੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ।
ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਲੜਨ ਨਹੀਂ ਜਾ ਰਹੇ ਹਾਂ ਪਰ ਹਰਿਆਣਾ ਵਿੱਚ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਇੱਕ ਪਾਸੇ ਗੱਲਬਾਤ ਚੱਲ ਰਹੀ ਹੈ, ਦੂਜੇ ਪਾਸੇ ਹਰਿਆਣਾ ਸਰਕਾਰ ਇੰਟਰਨੈੱਟ ਬੰਦ ਕਰਨ ਵਰਗੇ ਕਦਮ ਚੁੱਕ ਰਹੀ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਐਸਕੇਐਮ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਕਿਸਾਨਾਂ ਨੇ ਇਸ ਸਬੰਧੀ ਦੇਰ ਰਾਤ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਮੀਟਿੰਗ ਵਿੱਚ ਜਾਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਵੱਡੀ ਕੂਟਨੀਤਕ ਜਿੱਤ, ਕਤਰ ਦੀ ਜੇਲ੍ਹ ਤੋਂ ਰਿਹਾਅ ਹੋਏ ਨੇਵੀ ਦੇ ਸਾਬਕਾ ਫੌਜੀ ਦੇਸ਼ ਪਰਤੇ
ਦੱਸ ਦੇਈਏ ਕਿ ਹਰਿਆਣਾ ਅਤੇ ਦਿੱਲੀ ਦੀ ਟਿੱਕਰੀ ਸਰਹੱਦ ‘ਤੇ ਕੰਡਿਆਲੀ ਤਾਰ, ਲੋਹੇ ਅਤੇ ਸੀਮਿੰਟ ਦੇ ਬਣੇ ਭਾਰੀ ਬੈਰੀਕੇਡ ਲਗਾਏ ਗਏ ਹਨ। ਚੰਡੀਗੜ੍ਹ ਵਿੱਚ 60 ਦਿਨਾਂ ਲਈ ਧਾਰਾ 144 ਲਾ ਦਿੱਤੀ ਗਈ ਹੈ। ਉਥੇ ਹੀ ਹਰਿਆਣਾ ਦੇ ਪੰਦਰਾਂ ਜ਼ਿਲ੍ਹਿਆਂ ਵਿੱਚ ਵੀ 144 ਧਾਰਾ ਲਾਈ ਗਈ ਹੈ। ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ-ਪੰਜਾਬ ਬਾਰਡਰ ‘ਤੇ ਪੁਲਿਸ ਵੱਲੋਂ ਜ਼ਬਰਦਸਤ ਇੰਤਜ਼ਾਮ ਕੀਤੇ ਗਏ ਹਨ। ਦੂਜੇ ਪਾਸੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –