ਚੰਡੀਗੜ੍ਹ ਦੇ ਇੱਕ PG ਦੇ ਬਾਥਰੂਮ ਵਿੱਚ ਗੁਪਤ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੈਮਰਾ ਗੀਜ਼ਰ ਦੇ ਉੱਪਰ ਲੁਕਿਆ ਹੋਇਆ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕੈਮਰਾ ਵੇਖਣ ਵਾਲੀ ਕੁੜੀ ਨੇ ਪੀਜੀ ਮਾਲਕ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਪੁਲਿਸ ਨੇ ਉਥੇ ਰਹਿਣ ਵਾਲੀ ਇਕ ਕੁੜੀ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੜੀ ਨੇ ਦੱਸਿਆ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਨੂੰ ਇਹ ਕੈਮਰਾ 3 ਦਿਨ ਪਹਿਲਾਂ ਲਗਾਉਣ ਲਈ ਦਿੱਤਾ ਸੀ। ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 509 ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਦੋਵਾਂ ਦੇ ਮੋਬਾਈਲ ਜ਼ਬਤ ਕਰਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇੱਥੋਂ ਕਿੰਨੀਆਂ ਵੀਡੀਓਜ਼ ਬਣਾਈਆਂ ਗਈਆਂ ਅਤੇ ਉਹ ਕਿੱਥੇ ਸਟੋਰ ਕੀਤੀਆਂ ਗਈਆਂ ਹਨ ਜਾਂ ਕਿਸ ਨੂੰ ਭੇਜੀਆਂ ਗਈਆਂ ਹਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਹੋਰ ਕੁੜੀਆਂ ਦੇ ਮਾਪੇ ਉੱਥੇ ਪਹੁੰਚ ਗਏ ਅਤੇ ਪੀਜੀ ਖਾਲੀ ਕਰ ਉਨ੍ਹਾਂ ਨੂੰ ਘਰ ਲੈ ਗਏ।
ਜਾਣਕਾਰੀ ਮੁਤਾਬਕ ਸੈਕਟਰ-22 ਸਥਿਤ ਇਕ ਮਕਾਨ ਦੀ ਉਪਰਲੀ ਮੰਜ਼ਿਲ ‘ਤੇ PG ਬਣਿਆ ਹੋਇਆ ਹੈ। ਇੱਥੇ ਇੱਕ ਪੀਜੀ ਵਿੱਚ 5 ਕੁੜੀਆਂ ਰਹਿੰਦੀਆਂ ਹਨ। ਇਹ ਕੁੜੀਆਂ ਕਾਮਨ ਬਾਥਰੂਮ ਵਰਤਦੀਆਂ ਹਨ। ਹਿਡਨ ਕੈਮਰਾ ਲਾਉਣ ਵਾਲੀ ਕੁੜੀ ਯੂਪੀ ਦੀ ਰਹਿਣ ਵਾਲੀ ਹੈ। ਉਹ ਵੀ ਉਨ੍ਹਾਂ ਨਾਲ ਰਹਿੰਦੀ ਹੈ।
ਪੁਲਿਸ ਨੂੰ ਸ਼ਿਕਾਇਤ ਕਰਨ ਵਾਲੀ ਕੁੜੀ ਨੇ ਦੱਸਿਆ ਕਿ ਉਹ ਹਨੇਰੇ ਵਿੱਚ ਬਾਥਰੂਮ ਵਰਤਣ ਗਈ ਸੀ। ਫਿਰ ਉਸ ਨੇ ਦੇਖਿਆ ਕਿ ਗੀਜ਼ਰ ਦੇ ਉੱਪਰ ਕੁਝ ਚਮਕ ਰਿਹਾ ਸੀ। ਉਸ ਨੇ ਧਿਆਨ ਨਾਲ ਦੇਖਿਆ ਤਾਂ ਕੈਮਰਾ ਨਜ਼ਰ ਆਇਆ। ਉਸ ਨੇ ਤੁਰੰਤ ਦੂਜੀਆਂ ਕੁੜੀਆਂ ਨੂੰ ਬੁਲਾਇਆ। ਜਦੋਂ ਸਾਰਿਆਂ ਨੇ ਜਾਂਚ ਕੀਤੀ ਤਾਂ ਇਹ ਗੁਪਤ ਕੈਮਰਾ ਨਿਕਲਿਆ। ਉਸ ਨੇ ਤੁਰੰਤ ਪੀਜੀ ਮਾਲਕ ਨੂੰ ਫੋਨ ਕੀਤਾ। ਕੈਮਰਾ ਦੇਖ ਕੇ ਉਸ ਨੇ ਸੈਕਟਰ-17 ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ।
ਪੁਲਿਸ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਇਹ ਗੱਲ ਸਾਫ਼ ਹੋ ਗਈ ਕਿ ਪੀਜੀ ਵਿੱਚ ਰਹਿਣ ਵਾਲੀਆਂ ਕੁੜੀਆਂ ਤੋਂ ਇਲਾਵਾ ਕੋਈ ਵੀ ਇਸ ਬਾਥਰੂਮ ਵਿੱਚ ਨਹੀਂ ਜਾ ਸਕਦਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਲਗਾਇਆ ਕਿ ਇਹ ਕੈਮਰਾ ਕਿਸ ਕੁੜੀ ਨੇ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਕੁੜੀ ਨੇ ਸਾਰੀ ਗੱਲ ਦੱਸ ਦਿੱਤੀ। ਉਸ ਨੇ ਦੱਸਿਆ ਕਿ ਉਸ ਦਾ ਬੁਆਏਫ੍ਰੈਂਡ ਅਮਿਤ ਹਾਂਡਾ ਸੈਕਟਰ-20 ‘ਚ ਰਹਿੰਦਾ ਹੈ। ਉਸ ਦੇ ਕਹਿਣ ‘ਤੇ ਹੀ ਉਸ ਨੇ ਇਹ ਗੁਪਤ ਕੈਮਰਾ ਲਗਾਇਆ ਸੀ।
ਇਹ ਵੀ ਪੜ੍ਹੋ : ਟੈਕਸੀ Apps ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਜਲਦ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ
ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਵੀਡੀਓ ਸਬੰਧੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੋਈ ਵੀਡੀਓ ਬਣਾਈ ਗਈ ਸੀ ਜਾਂ ਨਹੀਂ। ਜੇ ਵੀਡੀਓ ਬਣਾਏ ਗਏ ਹਨ ਤਾਂ ਕਿੰਨੇ ਬਣਾਏ ਗਏ ਹਨ ਅਤੇ ਕਿਸ ਨੂੰ ਭੇਜੇ ਗਏ ਹਨ? ਇਸ ਸਬੰਧੀ ਫੋਰੈਂਸਿਕ ਲੈਬ ਵੱਲੋਂ ਦੋਵਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਥਰੂਮ ਵਿੱਚ ਲੱਗੇ ਕੈਮਰੇ ਦੀ ਰਿਕਾਰਡਿੰਗ ਕਿੱਥੇ ਕੀਤੀ ਜਾ ਰਹੀ ਸੀ? ਇਸ ਦਾ ਕੰਟਰੋਲ ਅਤੇ ਸਟੋਰੇਜ ਕੇਂਦਰ ਕਿੱਥੇ ਹੈ? ਇਹ ਵੀਡੀਓ ਕਿਤੇ ਆਨਲਾਈਨ ਨਹੀਂ ਚੱਲ ਰਹੇ ਸਨ। ਫਿਲਹਾਲ ਇਨ੍ਹਾਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਬਾਥਰੂਮ ‘ਚ ਮਿਲੇ ਯੰਤਰ ਦੀ ਵੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –