ਕਪੂਰਥਲਾ ਵਿੱਚ ਇੱਕ ਸਰਕਾਰੀ ਟੀਚਰ ਨੇ ਇੱਕ ਨੌਜਵਾਨ ਨੂੰ ਆਪਣੀ ਕਾਰ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨੌਜਵਾਨ ਕਾਰ ਦੇ ਬੋਨਟ ‘ਤੇ ਡਿੱਗ ਗਿਆ ਅਤੇ ਦੋਸ਼ੀ ਉਸ ਨੂੰ ਬੋਨਟ ‘ਤੇ ਬਿਠਾ ਕੇ ਕਰੀਬ ਇਕ ਘੰਟੇ ਤੱਕ 10 ਕਿਲੋਮੀਟਰ ਤੱਕ ਕਾਰ ਘੁਮਾਉਂਦਾ ਰਿਹਾ। ਪੀੜਤ ਦਾ ਦੋਸ਼ ਹੈ ਕਿ ਦੋਸ਼ੀ ਅਧਿਆਪਕ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਜਿਹਾ ਕੀਤਾ, ਕਾਰ ਹੌਲੀ ਹੋਣ ‘ਤੇ ਉਸ ਨੇ ਬੋਨਟ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਿਸ ਵਿਚ ਉਹ ਜ਼ਖਮੀ ਹੋ ਗਿਆ।
ਪੀੜਤ ਨੂੰ ਸੀਐਚਸੀ ਟਿੱਬਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਸ਼ੀ ਅਧਿਆਪਕ ਵੀ ਸਿਵਲ ਹਸਪਤਾਲ ਕਪੂਰਥਲਾ ਵਿੱਚ ਜ਼ੇਰੇ ਇਲਾਜ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ਧਿਰਾਂ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਵਿਖੇ ਕਰਾਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਰਮਨਪ੍ਰੀਤ ਸਿੰਘ ਵਾਸੀ ਬਸਤੀ ਗਾਂਧਾ ਸਿੰਘ ਵਾਲਾ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿੱਚ ਆਈਲੈਟਸ ਕਰ ਰਿਹਾ ਹੈ। 26 ਅਕਤੂਬਰ ਦੀ ਸਵੇਰ ਕਰੀਬ 9.15 ਵਜੇ ਉਹ ਪਿੰਡ ਸ਼ਾਲਾਪੁਰ ਬੇਟ ਦੇ ਮੋੜ ‘ਤੇ ਖੜ੍ਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਆਈ, ਜਿਸ ਨੂੰ ਉਨ੍ਹਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਸਰਕਾਰੀ ਟੀਚਰ ਬਲਜਿੰਦਰ ਸਿੰਘ ਚਲਾ ਰਿਹਾ ਸੀ। ਉਸ ਨੇ ਉਸ ਨੂੰ ਕਾਰ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਟੱਕਰ ਨਾਲ ਉਛਲ ਕੇ ਉਸ ਦੀ ਕਾਰ ਦੇ ਬੀ-ਬੋਨਟ ‘ਤੇ ਜਾ ਡਿੱਗਿਆ, ਪਰ ਬਲਜਿੰਦਰ ਸਿੰਘ ਨੇ ਕਾਰ ਰੋਕਣ ਦੀ ਬਜਾਏ ਕਾਰ ਨੂੰ ਭਜਾਇਆ ਅਤੇ ਕਰੀਬ 10 ਕਿਲੋਮੀਟਰ ਤੱਕ ਸ਼ਹਿਰ ਵਿਚ ਘੁੰਮਦਾ ਰਿਹਾ।
ਪੀੜਤ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਸ਼ਾਲਾਪੁਰ ਤੋਂ ਸੁਲਤਾਨਪੁਰ ਲੋਧੀ, ਮੰਡੀ ਰੋਡ, ਊਧਮ ਸਿੰਘ ਚੌਕ, ਕਪੂਰਥਲਾ ਰੋਡ ’ਤੇ ਕਰੀਬ ਇੱਕ ਘੰਟਾ ਇਸੇ ਤਰ੍ਹਾਂ ਬੋਨਟ ’ਤੇ ਘੁਮਾਉਂਦਾ ਰਿਹਾ, ਫਿਰ ਅਚਾਨਕ ਜਦੋਂ ਉਸ ਦੀ ਕਾਰ ਦੇ ਅੱਗੇ ਕੋਈ ਵਾਹਨ ਆ ਗਿਆ ਤਾਂ ਉਸ ਨੇ ਗੱਡੀ ਨੂੰ ਹੌਲੀ ਕੀਤੀ ਤਾਂ ਉਸ ਨੇ ਡਡਵਿੰਡੀ ਕੋਲ ਕਾਰ ਤੋਂ ਛਾਲ ਮਾਰ ਕੇ ਜਾਨ ਬਚਾਈ। ਛਾਲ ਮਾਰਨ ਕਰਕੇ ਉਹ ਸੜਕ ‘ਤੇ ਜਾ ਡਿੱਗਿਆ ਅਤੇ ਜ਼ਖਮੀ ਹੋ ਗਿਆ। ਉਸ ਨੇ ਘਟਨਾ ਦੀ ਸੂਚਨਾ ਆਪਣੇ ਚਾਚਾ ਸੁਰਜੀਤ ਸਿੰਘ ਨੂੰ ਦਿੱਤੀ. ਜਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਜ਼ਖਮੀ ਹਾਲਤ ‘ਚ ਸੀ.ਐੱਚ.ਸੀ ਟਿੱਬਾ ਵਿਖੇ ਦਾਖਲ ਕਰਵਾਇਆ। ਉਸ ਨੇ ਕਿਹਾ ਕਿ ਉਸ ਨੂੰ ਬਲਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਆਪਣੀ ਜਾਨ ਦਾ ਖਤਰਾ ਹੈ।
ਪੀੜਤ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਦੂਜੇ ਪਾਸੇ ਜਦੋਂ ਬਲਜਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਸ ਦੇ ਰਿਸ਼ਤੇਦਾਰ ਜਸਬੀਰ ਸਿੰਘ ਵਾਸੀ ਬਰਿੰਦਪੁਰ ਨੇ ਬਲਜਿੰਦਰ ਸਿੰਘ ’ਤੇ ਲੱਗੇ ਦੋਸ਼ਾਂ ਨੂੰ ਝੂਠ ਦੱਸਿਆ। ਜਸਬੀਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਆਪਣੀ ਪਤਨੀ ਪ੍ਰਵੀਨ ਕੌਰ ਨਾਲ ਛੁੱਟੀ ਦੀ ਅਰਜ਼ੀ ਦੇਣ ਲਈ ਸਕੂਲ ਜਾ ਰਿਹਾ ਸੀ, ਕਿਉਂਕਿ ਉਹ ਕਾਫੀ ਸਮੇਂ ਤੋਂ ਬਿਮਾਰ ਹੈ।
ਜਦੋਂ ਉਹ ਸਕੂਲ ਦੇ ਬਾਹਰ ਆਪਣੀ ਪਤਨੀ ਕੋਲ ਪਹੁੰਚਿਆ ਤਾਂ ਉਸ ਦੀ ਪਤਨੀ ਛੁੱਟੀ ਵਧਾਉਣ ਦੀ ਅਰਜ਼ੀ ਦੇਣ ਲਈ ਅੰਦਰ ਚਲੀ ਗਈ ਅਤੇ ਬਲਜਿੰਦਰ ਸਿੰਘ ਕਾਰ ਵਿੱਚ ਹੀ ਬੈਠਾ ਰਿਹਾ ਤਾਂ ਸਕੂਲ ਦੇ ਬਾਹਰ ਹਰਮਨਪ੍ਰੀਤ ਸਿੰਘ ਅਤੇ ਉਸ ਦੇ ਕਰੀਬ 15 ਦੋਸਤਾਂ ਨੇ ਬਲਜਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਇਸ ’ਤੇ ਬਲਜਿੰਦਰ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਕਾਰ ਭਜਾ ਦਿੱਤੀ ਪਰ ਹਰਮਨਪ੍ਰੀਤ ਜਾਣਬੁੱਝ ਕੇ ਕਾਰ ਦੇ ਬੋਨਟ ’ਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਕ ਸੈਕੰਡ ‘ਚ ਪਲਟੀ ਕਿਸਮਤ! ਸੈਂਡਵਿਚ ਦੇ ਇੰਤਜ਼ਾਰ ਨੇ ਇਸ ਬੰਦੇ ਨੂੰ ਬਣਾ ਦਿੱਤਾ 8 ਕਰੋੜ ਦਾ ਮਾਲਕ
ਉਸ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ ਸਿਆਸੀ ਦਬਾਅ ਹੇਠ ਬਲਜਿੰਦਰ ਸਿੰਘ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਪੁਲਿਸ ਤੋਂ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਤਲਵੰਡੀ ਚੌਧਰੀਆਂ ਦੇ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਧਿਰਾਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਇਸ ਲਈ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: