Acidity constipation home remedies: ਬਹੁਤ ਸਾਰੇ ਲੋਕਾਂ ਨੂੰ ਅਕਸਰ ਪੇਟ ਸਾਫ਼ ਨਾ ਹੋਣ ਯਾਨਿ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਪੇਟ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਪੇਟ ‘ਚ ਕਿਸੇ ਕਿਸਮ ਦੀ ਕੋਈ ਗੜਬੜੀ ਹੋ ਜਾਵੇ ਤਾਂ ਇਹ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਕਬਜ਼ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਖਾਣ-ਪੀਣ ਦਾ ਸਹੀ ਨਾ ਹੋਣਾ। ਗਲਤ ਲਾਈਫਸਟਾਈਲ ਅਤੇ ਰੋਜ਼ਾਨਾ ਜੰਕ ਫੂਡ ਖਾਣਾ ਜਾਂ ਤੇਜ਼ ਮਸਾਲੇ ਵਾਲਾ ਭੋਜਨ ਕਰਨਾ। ਜੇ ਤੁਹਾਨੂੰ ਵੀ ਇਹ ਮੁਸ਼ਕਲ ਹੈ ਤਾਂ ਤੁਸੀਂ ਇਕ ਵਾਰ ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਦਾ ਦੱਸਿਆ ਹੋਇਆ ਇਹ ਆਸਾਨ ਜਿਹਾ ਨੁਸਖ਼ਾ ਟ੍ਰਾਈ ਕਰੋ।
ਭਾਗਿਆਸ਼੍ਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਇਹ ਨੁਸਖਾ: ਭਾਗਿਆਸ਼੍ਰੀ ਸੋਸ਼ਲ ਮੀਡੀਆ ‘ਤੇ ਫੈਂਸ ਲਈ ਕੋਈ ਨਾ ਕੋਈ ਨੁਸਖੇ ਸ਼ੇਅਰ ਕਰਦੀ ਰਹਿੰਦੀ ਹੈ। ਕਈ ਵਾਰ ਸਿਹਤ ਨਾਲ ਸਬੰਧਤ ਅਤੇ ਕਈ ਵਾਰ ਸਕਿਨ ਕੇਅਰ ਨਾਲ ਸੰਬੰਧਿਤ। ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਜਾਂ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਭਾਗਿਆਸ਼੍ਰੀ ਦੀ ਇਕੋ ਸਲਾਹ ਹੈ ਕਿ ਸਵੇਰੇ ਖਾਲੀ ਪੇਟ ਇਕ ਚੱਮਚ ਘਿਓ ਖਾਓ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਤੁਹਾਡਾ ਪੇਟ ਵੀ ਸਾਫ ਰਹੇਗਾ ਅਤੇ ਤੁਹਾਨੂੰ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਪੇਟ ਲਈ ਬਹੁਤ ਫਾਇਦੇਮੰਦ ਹੈ ਘਿਓ: ਸਿਰਫ ਭਾਗਿਆਸ਼੍ਰੀ ਹੀ ਨਹੀਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਸਾਡੇ ਘਰ ਦੇ ਬਜ਼ੁਰਗ ਵੀ ਸਵੇਰੇ ਖਾਲੀ ਪੇਟ ਘਿਓ ਪੀਂਦੇ ਹਨ। ਦਰਅਸਲ ਘਿਓ ‘ਚ ਮੌਜੂਦ ਤੱਤ ਤੁਹਾਡੇ ਪੇਟ ਨੂੰ ਸਾਫ ਰੱਖਦੇ ਹਨ ਅਤੇ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਨਹੀਂ ਹੋਣ ਦਿੰਦੇ। ਇਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਜੇ ਤੁਹਾਨੂੰ ਪੇਟ ‘ਚ ਦਰਦ, ਗੈਸ ਜਾਂ ਜੇ ਪੇਟ ‘ਚ ਸਮੇਂ-ਸਮੇਂ ‘ਤੇ ਸੋਜ ਹੋ ਜਾਂਦੀ ਹੈ ਤਾਂ ਤੁਹਾਨੂੰ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਭਾਗਿਆਸ਼੍ਰੀ ਨੇ ਖਾਣਾ ਖਾਣ ਤੋਂ ਬਾਅਦ ਇਕ ਚਮਚ ਅਜਵਾਇਣ ਖਾਣ ਦੀ ਸਲਾਹ ਵੀ ਦਿੱਤੀ ਹੈ ਕਿਉਂਕਿ ਇਸ ਨਾਲ ਤੁਹਾਡਾ ਪਾਚਣ ਤੰਤਰ ਠੀਕ ਰਹੇਗਾ।
ਇਨ੍ਹਾਂ ਤਰੀਕਿਆਂ ਨਾਲ ਕਰੋ ਘਿਓ ਦਾ ਸੇਵਨ: ਅੱਜ ਕੱਲ ਦੇ ਨੌਜਵਾਨ ਤਾਂ ਖਾਣੇ ‘ਚ ਘਿਓ ਤੱਕ ਐਡ ਨਹੀਂ ਕਰਦੇ ਹਨ ਪਰ ਜੇ ਤੁਸੀਂ ਤੰਦਰੁਸਤ ਪੇਟ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਰੂਰ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਪਹਿਲੀ ਵਾਰ ਖਾਣ ਨਾਲ ਤੁਹਾਨੂੰ ਇਹ ਚੰਗਾ ਨਾ ਲੱਗੇ ਪਰ ਪੇਟ ਦੀਆਂ ਦਵਾਈਆਂ ਖਾਣ ਤੋਂ ਚੰਗਾ ਹੈ ਕਿ ਤੁਸੀਂ ਇਸ ਦਾ ਸੇਵਨ ਕਰ ਲਓ।
- ਸਵੇਰੇ ਉੱਠਣ ਤੋਂ ਬਾਅਦ ਇਕ ਚੱਮਚ ਘਿਓ ਲਓ ਅਤੇ ਇਸ ਤਰ੍ਹਾਂ ਹੀ ਇਸ ਦਾ ਸੇਵਨ ਕਰੋ ਤੁਹਾਨੂੰ ਬਹੁਤ ਫਾਇਦਾ ਹੋਵੇਗਾ।
- ਜੇ ਤੁਸੀਂ ਚਾਹੋ ਤਾਂ ਗਰਮ ਪਾਣੀ ‘ਚ ਇਕ ਚੱਮਚ ਘਿਓ ਮਿਲਾ ਕੇ ਖਾਲੀ ਪੇਟ ਪੀ ਸਕਦੇ ਹੋ।
- ਤੁਸੀਂ ਚਾਹੋ ਤਾਂ ਦੁੱਧ ਦੇ ਨਾਲ ਵੀ ਇਸ ਦਾ ਇਕ ਚਮਚ ਲੈ ਸਕਦੇ ਹੋ।
ਹੁਣ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਬਜ਼ ਹੋਣ ਦੇ ਕੀ ਕਾਰਨ ਹੋ ਸਕਦੇ ਹਨ: ਪਾਣੀ ਦਾ ਸੇਵਨ ਘੱਟ ਕਰਨਾ, ਤਲੇ ਹੋਏ ਖਾਣੇ ਦਾ ਜ਼ਿਆਦਾ ਸੇਵਨ, ਡਾਈਟਿੰਗ ਕਰਨਾ, ਮੇਟਾਬੋਲੀਜਿਮ ਦਾ ਘੱਟ ਹੋਣਾ, ਪੈੱਨ ਕਿੱਲਰ ਦਾ ਜ਼ਿਆਦਾ ਸੇਵਨ, ਲਗਾਤਾਰ ਇੱਕ ਜਗ੍ਹਾ ‘ਤੇ ਬੈਠੇ ਰਹਿਣਾ, ਇੱਕੋ ਪ੍ਰਕਾਰ ਦਾ ਭੋਜਨ ਖਾਣਾ। ਇਹ ਕੁਝ ਕਾਰਨ ਹਨ ਜਿਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਕਬਜ਼ ਤੋਂ ਛੁਟਕਾਰਾ ਪਾਉਣ ਲਈ ਕੁਝ ਹੋਰ ਘਰੇਲੂ ਨੁਸਖ਼ੇ
- ਰਾਤ ਨੂੰ ਇਕ ਲੀਟਰ ਪਾਣੀ ‘ਚ 20 ਗ੍ਰਾਮ ਤ੍ਰਿਫਲਾ ਭਿਓਕੇ ਰੱਖੋ। ਫਿਰ ਅਗਲੇ ਦਿਨ ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁਝ ਦਿਨਾਂ ‘ਚ ਪੁਰਾਣੀ ਕਬਜ਼ ਤੋਂ ਛੁਟਕਾਰਾ ਮਿਲੇਗਾ।
- ਰੋਜ਼ਾਨਾ ਦਿਨ ‘ਚ ਇਕ ਵਾਰ ਪੱਕੇ ਹੋਏ ਪਪੀਤੇ ਦਾ ਸੇਵਨ ਕਰੋ।
- ਸੁੱਕੀ ਅੰਜੀਰ ਨੂੰ ਰਾਤ ਨੂੰ ਪਾਣੀ ‘ਚ ਭਿਓਕੇ ਰੱਖ ਦਿਓ ਅਤੇ ਸਵੇਰੇ ਇਸ ਨੂੰ ਚਬਾਕੇ ਖਾਓ। ਤੁਸੀਂ ਇਸ ਦੇ ਨਾਲ ਦੁੱਧ ਵੀ ਪੀ ਸਕਦੇ ਹੋ। 5-6 ਦਿਨ ਇਸ ਦਾ ਸੇਵਨ ਕਰਨ ਨਾਲ ਕਬਜ਼ ਠੀਕ ਹੋ ਜਾਂਦੀ ਹੈ।
- ਪਾਲਕ ਦੀ ਸਬਜ਼ੀ ਜਾਂ ਇਸ ਦੇ ਜੂਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ। ਇਸ ਨਾਲ ਕਬਜ਼ ਤੋਂ ਛੁਟਕਾਰਾ ਮਿਲੇਗਾ ਅਤੇ ਸਿਹਤ ਵੀ ਚੰਗੀ ਰਹੇਗੀ।