ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ, ਪਰ ਮੌਤਾਂ ਦੀ ਗਿਣਤੀ ਅਜੇ ਵੀ ਕਾਫੀ ਹੈ।
ਸਿਹਤ ਦੇ ਉਚਿਤ ਬੁਨਿਆਦੀ ਢਾਂਚੇ ਅਤੇ ਆਕਸੀਜਨ ਜਾਂ ਦਵਾਈਆਂ ਦੀ ਕੋਈ ਖਾਸ ਘਾਟ ਨਾ ਹੋਣ ਦੇ ਬਾਵਜੂਦ, ਪੰਜਾਬ ਵਿੱਚ ਅਜੇ ਵੀ ਕੇਸਾਂ ਦੀ ਮੌਤ ਦਰ (ਸੀ.ਐਫ.ਆਰ.) 2.6 ਫੀਸਦੀ ਹੈ ਜੋ ਕਿ ਦੇਸ਼ ਦੇ ਦੂਜੇ ਰਾਜਾਂ ਨਾਲੋਂ ਸਭ ਤੋਂ ਵੱਧ ਹੈ। ਡਾਕਟਰਾਂ, ਸਿਹਤ ਮਾਹਿਰਾਂ ਅਤੇ ਇੱਥੋਂ ਦੇ ਪ੍ਰਬੰਧਕਾਂ ਨੇ ਰਾਜ ਦੇ ਲੋਕਾਂ ਦੀਆ “ਖਾਣ ਪੀਣ ਦੀਆਂ ਆਦਤਾਂ, ਜੀਵਨ ਸ਼ੈਲੀ ਅਤੇ ਘਮੰਡੀ ਰਵੱਈਏ” ਨੂੰ ਦੋਸ਼ੀ ਠਹਿਰਾਇਆ ਹੈ। ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਮੌਤਾਂ ਵਾਲੇ ਜਿਲ੍ਹਿਆਂ ਪਟਿਆਲਾ, ਲੁਧਿਆਣਾ, ਫਰੀਦਕੋਟ ਅਤੇ ਅੰਮ੍ਰਿਤਸਰ ਤੋਂ ਅੰਕੜੇ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਾਇਆ ਗਿਆ ਕਿ ਇੱਥੇ ਕੋਵਿਡ ਕਾਰਨ ਮਰਨ ਵਾਲਿਆਂ ਵਿੱਚੋਂ 60 ਫ਼ੀਸਦੀ ਤੋਂ ਵੱਧ ਜਾਂ ਤਾਂ ਮੋਟਾਪੇ ਤੋਂ ਪੀੜਤ ਸਨ ਜਾਂ ਸ਼ੂਗਰ ਜਾਂ ਹਾਈਪਰਟੈਨਸ਼ਨ ਦੇ ਸ਼ਿਕਾਰ ਸਨ।
ਇਸ ਤੋਂ ਇਲਾਵਾ, ਦਿਲ ਦੇ ਰੋਗ, ਗੁਰਦੇ ਦੀ ਬਿਮਾਰੀ ਅਤੇ ਸ਼ਰਾਬ ਕਾਰਨ ਜਿਗਰ ਦੀ ਸਮੱਸਿਆ ਇੱਥੇ ਦੇ ਲੋਕਾਂ ਵਿੱਚ ਆਮ ਹੈ। ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਇਸ ਸਾਲ 1 ਜਨਵਰੀ ਤੋਂ 21 ਮਈ ਦੇ ਵਿਚਕਾਰ, ਪੰਜਾਬ ਵਿੱਚ ਸੀ.ਐੱਫ.ਆਰ. ਦੀ ਕੌਮੀ ਔਸਤਨ1.3 ਫੀਸਦੀ ਦੇ ਮੁਕਾਬਲੇ 2.6 ਫੀਸਦੀ ਸੀ ਅਤੇ ਕੋਵਿਡ ਕਾਰਨ 8,963 ਮੌਤਾਂ ਹੋਈਆਂ। ਸੀ.ਐੱਫ.ਆਰ ਸਕਾਰਾਤਮਕ ਕੇਸਾਂ ਵਿੱਚ ਮੌਤ ਦੀ ਪੁਸ਼ਟੀ ਦੀ ਦਰ ਹੈ। ਇਸ ਦੇ ਉਲਟ, ਮਹਾਰਾਸ਼ਟਰ ਵਿੱਚ ਸੀ.ਐੱਫ.ਆਰ. 1.8 ਫੀਸਦੀ, ਕਰਨਾਟਕ ਵਿੱਚ 1.2 ਫੀਸਦੀ, ਦਿੱਲੀ ਵਿੱਚ 1.7 ਫੀਸਦੀ, ਗੁਜਰਾਤ ‘ਚ 1.2 ਫੀਸਦੀ ਅਤੇ ਯੂਪੀ ਵਿੱਚ1.3 ਫੀਸਦੀ ਹੈ।
ਇਸ ਸਮੇਂ ਦੌਰਾਨ ਪਟਿਆਲਾ ਵਿੱਚ 1,019 ਮੌਤਾਂ ਦਰਜ ਹੋਈਆਂ, ਜੋ ਕਿ ਪੰਜਾਬ ਵਿੱਚ ਕੁੱਲ ਮੌਤਾਂ ਦਾ 11 ਫੀਸਦੀ ਹਨ। ਪਟਿਆਲਾ ਮੈਡੀਕਲ ਕਾਲਜ ਵਿੱਚ 867 ਮੌਤਾਂ ਕੋਵਿਡ ਕਾਰਨ ਹੋਈਆਂ ਸਨ, ਜਿਨ੍ਹਾਂ ‘ਚੋਂ 501 ਲੋਕ ਸ਼ੂਗਰ, ਮੋਟਾਪਾ ਜਾਂ ਹਾਈਪਰਟੈਨਸ਼ਨ ਨਾਲ ਪੀੜਤ ਸਨ। ਇਸੇ ਤਰ੍ਹਾਂ 21 ਮਈ ਤੱਕ ਲੁਧਿਆਣਾ ਵਿੱਚ ਹੋਈਆਂ ਕੁੱਲ 625 ਮੌਤਾਂ ‘ਚੋਂ, ਇਨ੍ਹਾਂ ਤਿੰਨਾਂ ਬਿਮਾਰੀਆਂ ਵਿੱਚੋਂ ਮਰੀਜ ਨੂੰ ਕੋਈ ਇੱਕ ਬਿਮਾਰੀ ਸੀ। ਜਦਕਿ ਅੰਮ੍ਰਿਤਸਰ ਵਿੱਚ 502 ਵਿੱਚੋਂ 274 ਵਿਅਕਤੀ ਸਨ ਜੋ ਇਨ੍ਹਾਂ ਤਿੰਨਾਂ ਬਿਮਾਰੀਆਂ ਨਾਲ ਜੂਝ ਰਹੇ ਸਨ।
ਡਾਕਟਰਾਂ ਦਾ ਕਹਿਣਾ ਹੈ ਕਿ “ਪੰਜਾਬ ਵਿੱਚ ਖੁਰਾਕ ਬਹੁਤ ਭਾਰੀ, ਚਰਬੀ ਦੀ ਵਧੇਰੇ ਮਾਤਰਾ ਅਤੇ ਨਮਕ ਅਤੇ ਚੀਨੀ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ।” ਜੋ ਸੂਬੇ ਦੀ ਆਬਾਦੀ ਨੂੰ ਮੋਟਾਪਾ, ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਸ਼ਿਕਾਰ ਬਣਾ ਰਹੀ ਹੈ। ਸਿਹਤ ਮਾਮਲਿਆਂ ਬਾਰੇ ਪੰਜਾਬ ਸਰਕਾਰ ਦੇ ਸਲਾਹਕਾਰ ਡਾ. ਕੇ. ਤਲਵਾੜ ਨੇ ਕਿਹਾ ਕਿ ਇਹ ਇੱਕ “ਤੱਥ” ਹੈ ਕਿ ਪੰਜਾਬ ਵਿੱਚ ਉੱਚ ਸੀਐਫਆਰ ਦਾ ਕਾਰਨ “ਉੱਚ ਖਤਰੇ ਵਾਲੀ ਆਬਾਦੀ” ਰਿਹਾ ਹੈ। ਉਨ੍ਹਾਂ ਕਿਹਾ, ‘ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ ਪੰਜਾਬ ‘ਚ ਇੱਕ ਵੱਡੀ ਸਮੱਸਿਆ ਹੈ। ਖਾਣ ਦੀਆਂ ਆਦਤਾਂ, ਜੀਵਨ ਸ਼ੈਲੀ ਜਾਂ ਕਸਰਤ ਨਾ ਕਰਨ ਦੀ ਆਦਤ ਹੈ, ਇਹ ਤੱਥ ਸਭ ਜਾਣਦੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਨੇ ਰਾਜ ਵਿਚ ਸੀ.ਐੱਫ.ਆਰ. ਨੂੰ ਵਧਾਉਣ ‘ਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਇਹ ਵੀ ਦੇਖੋ : ਨੌਜਵਾਨਾਂ ਲਈ ਮਿਸਾਲ ਬਣਿਆ 22 ਸਾਲ ਅਰਮਾਨ, NDA ਤੋਂ ਬਾਅਦ ਫੌਜ ‘ਚ ਲੈਫਟੀਨੈਂਟ ਵਜੋਂ ਭਰਤੀ ਹੋ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ
ਡੀਐਮਸੀ, ਲੁਧਿਆਣਾ ਵਿਖੇ ਚੀਫ ਡਾਈਟਿਸ਼ਿਅਨ ਰੀਤੂ ਸੁਧਾਕਰ ਨੇ ਕਿਹਾ, “ਇਹ ਖੁਸ਼ਹਾਲੀ ਦੀ ਸਥਿਤੀ ਹੈ ਜਿਸ ਵਿੱਚ ਲੋਕ ਘਿਉ, ਮੱਖਣ ਖਰੀਦ ਸਕਦੇ ਹਨ, ਪ੍ਰੋਟੀਨ ਨਾਲ ਭਰਪੂਰ ਖੁਰਾਕ ਲੈ ਸਕਦੇ ਹਨ ਅਤੇ ਇਸ ਲਈ ਜ਼ਿਆਦਾ ਖਪਤ ਕੀਤੀ ਜਾਂਦੀ ਹੈ। ਲੋਕ ਵਧੇਰੇ ਖਾਂਦੇ ਹਨ ਪਰ ਸਰੀਰਕ ਕਸਰਤ ਨਹੀਂ ਕਰਦੇ। ਹਾਲਾਂਕਿ ਬਹੁਤ ਸਾਰੇ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਅਸਲ ਵਿੱਚ ਖੁਦ ਖੇਤਾਂ ਵਿੱਚ ਕੰਮ ਨਹੀਂ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਇਸ ਲਈ ਮਜ਼ਦੂਰ ਰੱਖੇ ਹੋਏ ਹਨ। ਇਸ ਲਈ, ਮੋਟਾਪਾ ਅਤੇ ਡਾਇਬਟੀਜ਼ ਸਰੀਰਕ ਕਿਰਤ ਨਾਲ ਜੁੜੇ ਕਿਸੇ ਵੱਡੇ ਕੰਮ ਦੀ ਘਾਟ ਅਤੇ ਖਾਣ ਦੀਆਂ ਉਹੀ ਆਦਤਾਂ ਨੂੰ ਬਣਾਈ ਰੱਖਣ ਦੇ ਕਾਰਨ ਵੱਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੀ.ਐੱਫ.ਆਰ. ਉੱਚ ਹੋਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਲੋਕ ਹਸਪਤਾਲ ਆਉਣ ‘ਚ ਬਹੁਤ ਦੇਰ ਕਰਦੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਡਾਕਟਰਾਂ ਅਨੁਸਾਰ ਬਹੁਤੇ ਲੋਕ ਮੁੱਢਲੇ ਇਲਾਜ ਲਈ ‘ਝੋਲਾ ਛਾਪ’ ਡਾਕਟਰਾਂ ‘ਤੇ ਨਿਰਭਰ ਕਰਦੇ ਸਨ ਅਤੇ ਉਨ੍ਹਾਂ ਨੇ ਹਾਲਤ ਖ਼ਰਾਬ ਹੋਣ ‘ਤੇ ਹੀ ਹਸਪਤਾਲਾਂ ਦਾ ਰੁਖ ਕੀਤਾ ਸੀ।
ਇਹ ਵੀ ਦੇਖੋ : ਅਕਾਲੀਦਲ ਤੇ ਬਸਪਾ ਵਾਲਿਆਂ ਨੇ ਚੰਡੀਗੜ੍ਹ ਭੰਨੇ ਬੈਰੀਕੇਡ, ਪੁਲਿਸ ਨੇ ਕੀਤਾ ਜਲਤੋਪਾਂ ਨਾਲ ਹਮਲਾ, ਪਿਆ ਭੜਥੂ Live !
.