Drinking milk benefits: ਦੁੱਧ ਦੇ ਫ਼ਾਇਦਿਆਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਇਸ ਦੇ ਸੇਵਨ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਬਲਕਿ ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੁੰਦੇ ਹਨ। ਬਹੁਤ ਸਾਰੇ ਅਧਿਐਨਾਂ ਵਿਚ ਇਹ ਸਾਬਤ ਹੋਇਆ ਹੈ ਕਿ ਦੁੱਧ ਦੀ ਸੇਵਨ ਸਾਡੀ ਸਿਹਤ ਨੂੰ ਬਣਾਈ ਰੱਖਣ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਦਾ ਸੇਵਨ ਡਾਇਬਟੀਜ਼ ਤੋਂ ਲੈ ਕੇ ਮੋਟਾਪੇ, ਦਿਲ ਦੀ ਬਿਮਾਰੀ ਅਤੇ ਕਈ ਕਿਸਮਾਂ ਦੇ ਕੈਂਸਰ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਇਹ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਉਮਰ ਦੇ ਅਨੁਸਾਰ ਹਰ ਰੋਜ਼ ਕਿੰਨਾ ਦੁੱਧ ਪੀਣਾ ਚਾਹੀਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਲਾਭ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ…
ਬੱਚੇ ਦੇ ਜਨਮ ਤੋਂ ਲੈ ਕੇ ਇਕ ਸਾਲ ਦੀ ਉਮਰ ਤੱਕ: ਬੱਚੇ ਦੇ ਜਨਮ ਤੋਂ ਲੈ ਕੇ ਛੇ ਮਹੀਨਿਆਂ ਤੱਕ ਤਾਂ ਉਨ੍ਹਾਂ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਜਿਹੀ ਡਾਕਟਰ ਵੀ ਸਲਾਹ ਦਿੰਦੇ ਹਨ ਕਿਉਂਕਿ ਇਸ ਉਮਰ ਵਿਚ ਬੱਚਿਆਂ ਨੂੰ ਵਧੇਰੇ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਮਾਂ ਦੇ ਦੁੱਧ ਤੋਂ ਹੀ ਮਿਲ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਜਦੋਂ ਤੱਕ ਬੱਚਾ ਇਕ ਸਾਲ ਦਾ ਨਹੀਂ ਹੁੰਦਾ ਉਨ੍ਹਾਂ ਨੂੰ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਹਨ।
ਇਕ ਸਾਲ ਤੋਂ ਤਿੰਨ ਸਾਲ ਦੀ ਉਮਰ ਤੱਕ: ਇਕ ਤੋਂ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ 100 ਤੋਂ 200 ਮਿਲੀਲੀਟਰ ਦੁੱਧ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਕੈਲਸ਼ੀਅਮ ਮਿਲ ਸਕੇ। ਦੁੱਧ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਸਹੀ ਮਾਤਰਾ ‘ਚ ਦਹੀਂ ਅਤੇ ਦੁੱਧ ਤੋਂ ਬਣੇ ਪ੍ਰੋਡਕਟਸ ਵੀ ਦੇ ਸਕਦੇ ਹੋ।
ਚਾਰ ਤੋਂ 10 ਸਾਲ ਦੀ ਉਮਰ ਤੱਕ: ਚਾਰ ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ 200 ਤੋਂ 300 ਮਿਲੀਲੀਟਰ ਦੁੱਧ ਦੇਣਾ ਚਾਹੀਦਾ ਹੈ। ਇਹ ਉਨ੍ਹਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਦੁੱਧ ਤੋਂ ਬਣੇ ਪ੍ਰੋਡਕਟਸ ਵੀ ਦੇ ਸਕਦੇ ਹੋ।
11 ਤੋਂ 18 ਸਾਲ ਦੀ ਉਮਰ ਤੱਕ: ਇਸ ਉਮਰ ‘ਚ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ ਜਿਸ ਵਿੱਚ ਦੁੱਧ ਦਾ ਮਹੱਤਵਪੂਰਣ ਯੋਗਦਾਨ ਹੁੰਦਾ ਹੈ। ਇਸ ਲਈ 11 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਹਰ ਰੋਜ਼ ਘੱਟੋ-ਘੱਟ ਤਿੰਨ ਕੱਪ ਦੁੱਧ ਦੇਣਾ ਚਾਹੀਦਾ ਹੈ।
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਿੰਨਾ ਦੁੱਧ ਪੀਣਾ ਚਾਹੀਦਾ ਹੈ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਯਾਨੀ ਆਈਸੀਐਮਆਰ ਦੀ ਇੱਕ ਰਿਪੋਰਟ ਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਦੋ ਗਲਾਸ ਦੁੱਧ ਪੀਣਾ ਚਾਹੀਦਾ ਹੈ ਕਿਉਂਕਿ ਇਸ ਉਮਰ ਵਿੱਚ ਉਨ੍ਹਾਂ ਨੂੰ 600 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਭਾਵੇਂ ਤੁਸੀਂ ਹਰ ਰੋਜ਼ ਇਕ ਗਲਾਸ ਦੁੱਧ ਪੀਓ ਕੋਈ ਸਮੱਸਿਆ ਨਹੀਂ ਹੈ। ਇਸ ਤੋਂ ਇਲਾਵਾ ਤੁਸੀਂ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਾਲ, ਬੀਨਜ਼ ਜਾਂ ਹਰੀਆਂ ਸਬਜ਼ੀਆਂ ਖਾ ਸਕਦੇ ਹੋ। ਇਹ ਸਲਾਹ ਸਿਰਫ ਤੁਹਾਨੂੰ ਆਮ ਜਾਣਕਾਰੀ ਪ੍ਰਦਾਨ ਕਰਨ ਲਈ ਦਿੱਤੀ ਗਈ ਹੈ। ਤੁਹਾਨੂੰ ਕੁਝ ਵੀ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।