Eyes redness home remedies: ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ। ਅਕਸਰ ਦੂਸ਼ਿਤ ਵਾਤਾਵਰਣ ਅਤੇ ਗੰਦਗੀ ਦੇ ਕਾਰਨ ਅੱਖਾਂ ਵਿੱਚ ਜਲਣ, ਖੁਜਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹੁਣ ਅਜਿਹੇ ‘ਚ ਅੱਖਾਂ ਦਾ ਖਿਆਲ ਰੱਖਣਾ ਬਹੁਤ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਜਦੋਂ ਲੋਕਾਂ ਨੂੰ ਅੱਖ ਨਾਲ ਸਮੱਸਿਆਵਾਂ ਆਉਂਦੀਆਂ ਹਨ ਤਾਂ ਲੋਕ ਅੱਖਾਂ ਨੂੰ ਰਗੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਜਿਹਾ ਕਰਨ ਨਾਲ ਅੱਖਾਂ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ‘ਚ ਅਸੀਂ ਤੁਹਾਡੇ ਲਈ ਕੁਝ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਅੱਖਾਂ ਵਿੱਚ ਜਲਣ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਵੇਂ ਤੁਹਾਨੂੰ ਅੱਖਾਂ ਦੀ ਜਲਣ ਅਤੇ ਖੁਜਲੀ ਤੋਂ ਰਾਹਤ ਮਿਲ ਸਕਦੀ ਹੈ।
ਸੌਂਫ ਦੂਰ ਕਰੇ ਅੱਖਾਂ ਤੋਂ ਖੁਸ਼ਕੀ: ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਸੌਂਫ ਦੇਖਣ ‘ਚ ਆ ਰਹੀ ਸਮੱਸਿਆ ਜਾਂ ਅੱਖਾਂ ਵਿਚ ਖੁਸ਼ਕੀ ਵਰਗੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਦੇ ਲਈ ਇਕ ਕੱਪ ਪਾਣੀ ਵਿਚ 1 ਚੱਮਚ ਸੌਂਫ ਪਾ ਕੇ ਉਬਾਲੋ। ਠੰਡਾ ਹੋਣ ਤੋਂ ਬਾਅਦ ਇਸ ‘ਚ ਰੂੰ ਡੁਬੋ ਕੇ ਪਲਕਾਂ ‘ਤੇ 15 ਮਿੰਟ ਤੱਕ ਰੱਖੋ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਜਲਦੀ ਆਰਾਮ ਮਿਲੇਗਾ।
ਗੁਲਾਬ ਜਲ ਦੇਵੇਗਾ ਅੱਖਾਂ ਨੂੰ ਰਾਹਤ: ਅੱਖਾਂ ਨੂੰ ਠੰਡਕ ਦੇਣ ਅਤੇ ਖੁਜਲੀ ਤੋਂ ਰਾਹਤ ਲਈ ਦੁੱਧ ਅਤੇ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ 1 ਕੱਪ ਠੰਡੇ ਦੁੱਧ ਵਿੱਚ 1 ਚੱਮਚ ਗੁਲਾਬ ਜਲ ਮਿਲਾਓ। ਇਸ ਤੋਂ ਬਾਅਦ ਇਸ ਵਿਚ ਰੂੰ ਡੁਬੋ ਕੇ ਅੱਖਾਂ ‘ਤੇ 10 ਤੋਂ 15 ਮਿੰਟ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਅੱਖਾਂ ਵਿੱਚ ਹੋ ਰਹੀ ਖੁਜਲੀ ਤੋਂ ਰਾਹਤ ਮਿਲੇਗੀ।
ਐਲੋਵੇਰਾ ਜੈੱਲ ਦੇਵੇਗੀ ਰਾਹਤ: ਐਲੋਵੇਰਾ ਜੈੱਲ ਤੋਂ ਬਣਿਆ ਮਿਸ਼ਰਣ ਅੱਖਾਂ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰੇਗਾ। ਇਸ ਦੇ ਲਈ 4 ਚਮਚ ਐਲੋਵੇਰਾ ਜੈੱਲ, ਅੱਧਾ ਕੱਪ ਪਾਣੀ ਅਤੇ ਕੁਝ ਬਰਫ ਦੇ ਟੁਕੜੇ ਲੈ ਕੇ ਬਲੈਂਡ ਕਰੋ। ਹੁਣ ਇਸ ਮਿਸ਼ਰਣ ਵਿਚ ਰੂੰ ਡੁਬੋ ਕੇ ਪਲਕਾਂ ‘ਤੇ ਸੇਕ ਕਰੋ ਅਤੇ 10 ਮਿੰਟ ਬਾਅਦ ਅੱਖਾਂ ਨੂੰ ਸਾਫ ਪਾਣੀ ਨਾਲ ਧੋ ਲਓ। ਜੇ ਦੁਬਾਰਾ ਜ਼ਰੂਰਤ ਪਵੇ ਤਾਂ ਤੁਸੀਂ ਇਸ ਨੂੰ ਦਿਨ ਵਿਚ 2 ਵਾਰ ਇਸਤੇਮਾਲ ਕਰ ਸਕਦੇ ਹੋ।
ਕੈਮੋਮਾਈਲ ਇੰਫਿਊਜ਼ਨ ਫ਼ਾਇਦੇਮੰਦ: ਇਕ ਕੱਪ ਪਾਣੀ ਵਿਚ 2 ਚਮਚ ਕੈਮੋਮਾਈਲ ਫੁੱਲ ਪਾ ਕੇ ਉਬਾਲੋ। ਇਸ ਤੋਂ ਬਾਅਦ ਇਸ ਨੂੰ ਕਮਰੇ ਦੇ ਤਾਪਮਾਨ ‘ਚ ਰੱਖੋ। ਜੇ ਤੁਸੀਂ ਇਸ ਨੂੰ ਠੰਡਾ ਹੋਣ ਤੋਂ ਬਾਅਦ ਵਰਤਣਾ ਚਾਹੁੰਦੇ ਹੋ ਤਾਂ ਇਸ ਨੂੰ ਫਰਿੱਜ ਵਿਚ ਰੱਖੋ। ਇਸ ਤੋਂ ਬਾਅਦ ਰੂੰ ਦੀ ਮਦਦ ਨਾਲ ਇਸ ਮਿਸ਼ਰਣ ਦਾ ਪਲਕਾਂ ‘ਤੇ ਸੇਕ ਕਰੋ।
ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਤੋਂ ਦੇਣਗੇ ਛੁਟਕਾਰਾ: ਐਂਟੀ-ਇਨਫਲਾਮੇਟਰੀ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਨੂੰ ਦੂਰ ਕਰਦੇ ਹਨ। ਇਕ ਕੱਪ ਪਾਣੀ ਨੂੰ ਉਬਾਲ ਕੇ ਇਸ ਵਿਚ 1 ਚੱਮਚ ਧਨੀਏ ਦੇ ਬੀਜ ਪਾਓ। ਇਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਹੁਣ ਇਸ ਪਾਣੀ ਨਾਲ ਆਪਣੀਆਂ ਅੱਖਾਂ ਧੋ ਲਓ। ਜੇ ਤੁਸੀਂ ਚਾਹੋ ਤਾਂ ਤੁਸੀਂ ਡਰਾਪਰ ਦੀ ਮਦਦ ਨਾਲ ਅੱਖਾਂ ਵਿਚ ਇਸ ਦੇ ਪਾਣੀ ਦੀਆਂ 2 ਜਾਂ 3 ਬੂੰਦਾਂ ਪਾ ਸਕਦੇ ਹੋ।