Face Beauty tips: ਅੱਜ ਕੱਲ੍ਹ ਦੇ ਸਮੇਂ ‘ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆਂ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਰਹੀ ਹੈ। ਹਰ ਕੋਈ ਘਰ ਵਿੱਚ ਇਸ ਤੋਂ ਬਚਣ ਦੇ ਲਈ ਆਈਸੋਲੇਸ਼ਨ ਵਿੱਚ ਹੈ। ਇਸ ਵਾਇਰਸ ਨੇ ਲੇਡੀਜ਼ ਦੀ ਪਾਰਲਰ ਜਾਣ ਦੀ ਆਦਤ ਖ਼ਤਮ ਕਰ ਦਿੱਤੀ ਹੈ ਅਤੇ ਨਾ ਜਾਣੇ ਕਦੋਂ ਤਕ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਪਾਰਲਰ ਤੋਂ ਦੂਰੀ ਬਣਾਉਣੀ ਪਵੇਗੀ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਚਿਹਰੇ ਦੀ ਖ਼ੂਬਸੂਰਤੀ ਵਧਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣਾਈ ਰੱਖਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ।
ਐਲੋਵੇਰਾ: ਰਾਤ ਦੇ ਸਮੇਂ ਐਲੋਵੇਰਾ ਦੀ ਜੈੱਲ ਚਿਹਰੇ ‘ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ। ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਡੇ ਚਿਹਰੇ ‘ਤੇ ਤਾਜ਼ਗੀ ਬਣੀ ਰਹੇਗੀ ਉੱਥੇ ਤੁਹਾਡਾ ਚਿਹਰਾ ਫੁੱਲ ਵਾਂਗ ਖਿੜ ਉੱਠੇਗਾ।
ਘਰ ਦੀ ਬਣਾਈ ਬਲੀਚ ਵਰਤੋ: ਕੈਮੀਕਲ ਰਹਿਤ ਅਤੇ ਘਰ ਦੀ ਬਣਾਈ ਹੋਈ ਬਲੀਚ ਦੀ ਵਰਤੋਂ ਕਰੋ, ਇਸ ਲਈ 1 ਚਮਚ ਸ਼ਹਿਦ, ਇੱਕ ਚਮਚ ਵੇਸਣ, 2 ਚਮਚ ਦਹੀਂ ‘ਚ ਅੱਧੇ ਨਿੰਬੂ ਦੇ ਰਸ ਨੂੰ ਮਿਲਾ ਕੇ ਇੱਕ ਮਿਸ਼ਰਣ ਤਿਆਰ ਕਰੋ ਅਤੇ ਚਿਹਰੇ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਖਾ ਕੇ ਇਸ ਮਿਸ਼ਰਣ ਨੂੰ ਇਕਸਾਰ ਲਗਾਓ ਅਤੇ 15-20 ਮਿੰਟ ਲਗਾਉਣ ਤੋਂ ਬਾਅਦ ਜਦੋਂ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਮੂੰਹ ਧੋ ਲਓ ਜਾਂ ਨਰਮ ਕੱਪੜੇ ਨੂੰ ਪਾਣੀ ‘ਚ ਭਿਓਂ ਕੇ ਚੰਗੀ ਤਰ੍ਹਾਂ ਚਿਹਰਾ ਸਾਫ਼ ਕਰ ਲਓ। ਇਹ ਨੁਸਖਾ ਤੁਸੀਂ ਹਰ ਹਫ਼ਤੇ ਅਜ਼ਮਾ ਸਕਦੇ ਹੋ, ਤੁਹਾਡੇ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣੀ ਰਹੇਗੀ।
ਕੱਚੇ ਦੁੱਧ ਦਾ ਇਸਤੇਮਾਲ: ਹਫ਼ਤੇ ‘ਚ ਇੱਕ ਵਾਰ ਕੱਚੇ ਦੁੱਧ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ, ਇਸ ਨਾਲ ਤੁਹਾਡੇ ਚਿਹਰੇ ‘ਤੇ ਚਿਪਕੀ ਘੱਟੇ-ਮਿੱਟੀ ਦੀ ਪਰਤ ਆਸਾਨੀ ਨਾਲ ਉੱਤਰ ਜਾਏਗੀ ਅਤੇ ਤੁਹਾਡਾ ਚਿਹਰਾ ਸੁੰਦਰ ਅਤੇ ਤਰੋਤਾਜ਼ਾ ਲੱਗੇਗਾ।
ਗੁਲਾਬ ਜਲ: ਗੁਲਾਬ ਜਲ ਅਤੇ ਨਿੰਬੂ ਦਾ ਮਿਸ਼ਰਣ ਚਿਹਰੇ ‘ਤੇ ਲਗਾਓ, ਕੁਝ ਹੀ ਮਿੰਟਾਂ ‘ਚ ਤੁਹਾਨੂੰ ਤੁਹਾਡਾ ਚਿਹਰਾ ਖਿੜਿਆ ਲੱਗੇਗਾ।
ਚੌਲਾਂ ਦਾ ਆਟਾ: ਚਿਹਰੇ ਦੀ ਖੂਬਸੂਰਤੀ ਲਈ ਚੌਲਾਂ ਦੇ ਆਟੇ ਨੂੰ ਕੱਚੇ ਦੁੱਧ ‘ਚ ਮਿਲਾਓ ਅਤੇ ਪੇਸਟ ਬਣਾ ਕੇ ਚਿਹਰੇ ‘ਤੇ ਮਾਸਕ ਵਾਂਗ ਲਗਾਓ। 20- 25 ਮਿੰਟਾਂ ਬਾਅਦ ਇਸਨੂੰ ਹਲਕਾ ਪਾਣੀ ਲੈ ਕੇ ਸਕਰੱਬ ਕਰਦੇ ਹੋਏ ਉਤਾਰ ਦਿਓ ਅਤੇ ਸਾਫ਼ ਪਾਣੀ ਨਾਲ ਮੂੰਹ ਧੋ ਲਓ। ਇਸ ਨੁਸਖੇ ਨੂੰ ਅਪਨਾਉਣ ਨਾਲ ਤੁਹਾਡੇ ਚਿਹਰੇ ਦੀ ਚਮੜੀ ਚਮਕ ਉੱਠੇਗੀ।