Immunity boost Foods: ਕੋਵਿਡ-19 ਮਹਾਮਾਰੀ ਦੀ ਸਥਿਤੀ ‘ਚ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਖ਼ੁਦ ਨੂੰ ਵਾਇਰਸ ਤੇ ਹੋਰ ਹਮਲਾਵਰਾਂ ਤੋਂ ਕਿਵੇਂ ਬਚਾਉਂਦਾ ਹੈ? ਸਾਡੇ ਸਰੀਰ ਦੀ ਰੱਖਿਆ ਸਾਡਾ ਇਮਿਊਨ ਸਿਸਟਮ ਕਰਦਾ ਹੈ। ਇਸ ‘ਚ ਅਰਬਾਂ ਹਮਲਾਵਰਾਂ ਨੂੰ ਪਛਾਣਨ ਤੇ ਨਸ਼ਟ ਕਰਨ ਲਈ ਘੱਟ ਤੋਂ ਘੱਟ ਸਮੇਂ ਵਿਚ ਕਰੀਬ ਇਕ ਮਿਲੀਅਨ ਐਂਟੀਬਾਡੀਜ਼ ਪੈਦਾ ਕਰਨ ਦੀ ਯੋਗਤਾ ਹੈ, ਜਿਸ ‘ਚ ਵਾਇਰਸ, ਬੈਕਟੀਰੀਆ ਤੇ ਹੋਰ ਪਰਜੀਵੀ ਸ਼ਾਮਲ ਹਨ। ਇਮਿਊਨ ਸਿਸਟਮ ਦੀ ਦੇਖਭਾਲ ਕਰਨ ਦਾ ਸਭ ਤੋਂ ਵਧੀਆ ਢੰਗ ਸਿਹਤਮੰਦ ਜੀਵਨਸ਼ੈਲੀ ਹੈ, ਜਿਸ ਵਿਚ ਕਸਰਤ, ਖ਼ੁਰਾਕ ਤੇ ਨੀਂਦ ਦਾ ਸਹੀ ਸੰਤੁਲਨ ਹੋਣਾ ਜ਼ਰੂਰੀ ਹੈ।
ਰੋਜ਼ਾਨਾ ਕਸਰਤ ਕਰੋ: ਸਰੀਰਕ ਕਸਰਤ ਖ਼ੂਨ ਦੇ ਗੇੜ ਨੂੰ ਸਹੀ ਰੱਖਦੀ ਹੈ ਤੇ ਇਮਿਊਨ ਸਿਸਟਮ ਦੇ ਸੈੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰੀਰ ‘ਚ ਲਿਜਾਣ ਵਿਚ ਮਦਦ ਕਰਦੀ ਹੈ। ਨੀਂਦ ਤੇ ਆਰਾਮ ਸਰੀਰ ਵਿਚ ਐਂਟੀਬਾਡੀਜ਼ ਬਣਾਉਣ ਲਈ ਮਹੱਤਵਪੂਰਨ ਹਨ। ਸਰੀਰ ਦੇ ਇਮਿਊਨ ਸਿਸਟਮ ਨੂੰ ਨਿਯਮਿਤ ਰੱਖਣ ਲਈ ਔਸਤਨ 8 ਘੰਟੇ ਨੀਂਦ ਜ਼ਰੂਰੀ ਹੈ। ਮਾਨਸਿਕ ਤਣਾਅ ਜਾਂ ਉਦਾਸੀ ਇਮਿਊਨਿਟੀ ‘ਤੇ ਬੁਰਾ ਅਸਰ ਪਾਉਂਦੇ ਹਨ। ਤਣਾਅ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਮੁਕਾਬਲਾ ਕਰਨ ‘ਚ ਧਿਆਨ, ਯੋਗਾ ਤੇ ਕਸਰਤ ਲਾਹੇਵੰਦ ਹਨ ਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ।
ਸੰਤੁਲਿਤ ਖ਼ੁਰਾਕ: ਇਮਿਊਨਿਟੀ ਵਧਾਉਣ ਲਈ ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੈ, ਇਸ ਲਈ ਪ੍ਰੋਟੀਨ, ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਡੀ, ਜ਼ਿੰਕ, ਸੂਖ਼ਮ ਖਣਿਜ ਅਰਥਾਤ ਸੈਲੇਨੀਅਮ, ਮੈਗਨੀਸ਼ੀਅਮ, ਪ੍ਰੋਬਾਇਓਟਿਕ ਤੇ ਐਂਟੀ ਆਕਸੀਡੈਂਟ ਤੱਤਾਂ ਨੂੰ ਰੋਜ਼ਾਨਾ ਖ਼ੁਰਾਕ ‘ਚ ਸ਼ਾਮਿਲ ਕਰੋ।
ਇਮਿਊਨ ਵਧਾਉਣ ਵਾਲੇ ਭੋਜਨ
- ਜ਼ਿੰਕ ਤੇ ਹੋਰ ਸੂਖ਼ਮ ਖਣਿਜਾਂ ਨੂੰ ਪ੍ਰਾਪਤ ਕਰਨ ਲਈ ਅਨਾਜ, ਦਾਲਾਂ ਤੇ ਸਬਜ਼ੀਆਂ ਦੀ ਲੋੜੀਂਦੀ ਮਾਤਰਾ ਜ਼ਰੂਰੀ ਹੈ। ਅਨਾਜ ਤੇ ਦਾਲਾਂ ਵਿਟਾਮਿਨ-ਈ ਅਤੇ ਜ਼ਰੂਰੀ ਫੈਟੀ ਐਸਿਡ ਵੀ ਪ੍ਰਦਾਨ ਕਰਦੇ ਹਨ।
- ਖੱਟੇ ਫਲ ਜਿਵੇਂ ਨਿੰਬੂ, ਕਿੰਨੂ, ਸੰਤਰਾ ਆਦਿ। ਅਮਰੂਦ, ਪਪੀਤਾ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਚੁਲਾਈ ਆਦਿ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ। ਪੇਠਾ ਕੱਦੂ, ਪਪੀਤਾ ਬੀਟਾ ਕੈਰੋਟਿਨ ਵਿਟਾਮਿਨ-ਏ ਦਾ ਚੰਗਾ ਸਰੋਤ ਹੈ। ਟਮਾਟਰ ਵਿਚ ਲਾਇਕੋਪੀਨ ਨਾਂ ਦਾ ਤੱਤ ਹੁੰਦਾ ਹੈ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ।
- ਦੁੱਧ ਤੇ ਪਨੀਰ ‘ਚ ਪ੍ਰੋਟੀਨ ਤੇ ਵਿਟਾਮਿਨ-ਏ ਦੀ ਮਾਤਰਾ ਵਧੇਰੇ ਹੁੰਦੀ ਹੈ। ਦਹੀਂ ਤੇ ਲੱਸੀ ਪ੍ਰੋਬਾਇਓਟਿਕ ਭੋਜਨ ਹੁੰਦੇ ਹਨ।
- ਆਂਡੇ, ਮੁਰਗਾ, ਮੱਛੀ ਵਧੀਆ ਕੁਆਲਟੀ ਦੀ ਪ੍ਰੋਟੀਨ, ਵਿਟਾਮਿਨ-ਡੀ, ਜ਼ਿੰਕ ਤੇ ਹੋਰ ਜ਼ਰੂਰੀ ਖਣਿਜ ਪ੍ਰਦਾਨ ਕਰਦੇ ਹਨ।
- ਤੇਲ ਬੀਜ ਜਿਵੇਂ ਸਰ੍ਹੋਂ, ਅਲਸੀ, ਰਾਈਸ ਬਰਾਨ ਤੇ ਸੋਇਆਬੀਨ ਦੇ ਤੇਲਾਂ ‘ਚ ਮੌਜੂਦ ਫੈਟੀ ਐਸਿਡ ਇਮਿਊਨਿਟੀ ਵਧਾਉਣ ‘ਚ ਭੂਮਿਕਾ ਅਦਾ ਕਰਦੇ ਹਨ।
- ਸਾਡੀ ਆਮ ਵਰਤੋਂ ਦੇ ਮਸਾਲੇ ਐਂਟੀਆਕਸੀਡੈਂਟਸ, ਵਿਟਾਮਿਨ-ਈ ਤੇ ਜ਼ਰੂਰੀ ਫੈਟੀ ਐਸਿਡਾਂ ਦੇ ਪ੍ਰਮੁੱਖ ਸਰੋਤ ਹਨ। ਹਲਦੀ ਸਭ ਤੋਂ ਪ੍ਰਭਾਵਸ਼ਾਲੀ ਹੈ।
- ਅਦਰਕ, ਲਸਣ, ਪਿਆਜ਼, ਬਰੌਕਲੀ, ਭਿੰਡੀ, ਹਰੇ ਮਟਰ, ਅਲਸੀ, ਸੁੱਕੇ ਮੇਵੇ, ਸਾਬਤ ਦਾਲਾਂ ਤੇ ਅਨਾਜ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
- ਚੁਕੰਦਰ, ਗਾਜਰ, ਕਿੰਨੂ, ਔਲੇ ਤੇ ਚਕੌਤਰੇ ਦਾ ਰਸ ਐਂਟੀਆਕਸੀਡੈਂਟਸ ਤੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
- ਸ਼ਰਾਬ ਦਾ ਸੇਵਨ ਲਹੂ ਦੇ ਗੇੜ ਨੂੰ ਕਮਜ਼ੋਰ ਕਰਦਾ ਹੈ, ਇਸ ਕਰਕੇ ਇਨਫੈਕਸ਼ਨ ਦੌਰਾਨ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਸ਼ਰਾਬ ਦਾ ਸੇਵਨ ਲਹੂ ਦੇ ਗੇੜ ਨੂੰ ਕਮਜ਼ੋਰ ਕਰਦਾ ਹੈ, ਇਸ ਕਰਕੇ ਇਨਫੈਕਸ਼ਨ ਦੌਰਾਨ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਫਲਾਂ-ਸਬਜ਼ੀਆਂ ਦਾ ਕਰੋ ਸੇਵਨ: ਸਾਡੀ ਰਵਾਇਤੀ ਖ਼ੁਰਾਕ ਵਿਚ ਬਹੁਤ ਸਾਰੇ ਭੋਜਨ ਪਦਾਰਥ ਹਨ, ਜੋ ਇਮਿਊਨਿਟੀ ਨੂੰ ਵਧਾਉਂਦੇ ਹਨ, ਇਸ ਲਈ ਬਾਹਰ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਕ ਤਾਂ ਇਹ ਮਹਿੰਗੇ ਹਨ ਅਤੇ ਆਸਾਨੀ ਨਾਲ ਮੁਹੱਈਆ ਵੀ ਨਹੀਂ ਹੋ ਰਹੇ। ਸਥਾਨਕ ਫਲ ਤੇ ਸਬਜ਼ੀਆਂ ਇਮਿਊਨਿਟੀ ਵਧਾਉਣ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ ਤੇ ਤੁਲਨਾਤਮਕ ਤੌਰ ‘ਤੇ ਸਸਤੇ ਵੀ ਹਨ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਰੋਜ਼ਾਨਾ ਖ਼ੁਰਾਕ ਵਿਚ ਸਾਰੇ ਭੋਜਨ ਸਮੂਹ ਉਚਿਤ ਅਨੁਪਾਤ ‘ਚ ਮੌਜੂਦ ਹਨ, ਜਿਵੇਂ ਅਨਾਜ, ਦਾਲਾਂ, ਕਈ ਕਿਸਮ ਦੀਆਂ ਸਬਜ਼ੀਆਂ ਅਤੇ ਫਲ, ਦੁੱਧ, ਤੇਲ ਤੇ ਚਰਬੀ।