Kids corona vaccination: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਅਤੇ ਔਰਤਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਵੈਕਸੀਨ ਦਾ ਟ੍ਰਾਇਲ ਬੱਚਿਆਂ ‘ਤੇ ਵੀ ਸ਼ੁਰੂ ਕਰ ਦਿੱਤਾ ਗਿਆ। ਇਸੀ ਦੌਰਾਨ ਫਾਈਜ਼ਰ ਵੈਕਸੀਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਫਾਈਜ਼ਰ ਵੈਕਸੀਨ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਦਿੱਤੀ ਜਾਏਗੀ ਜਿਸ ਲਈ ਬ੍ਰਿਟੇਨ ‘ਚ ਮਨਜ਼ੂਰੀ ਦੇ ਦਿੱਤੀ ਗਈ ਹੈ।
12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ: ਤੁਹਾਨੂੰ ਦੱਸ ਦੇਈਏ ਕਿ 12-15 ਸਾਲ ਦੇ ਬੱਚਿਆਂ ਨੂੰ Pfizer/BioNTech ਵੈਕਸੀਨ ਲਗਾਉਣ ਲਈ ਯੂਰਪੀਅਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਬਾਡੀ ਤੋਂ ਵੀ ਮਨਜ਼ੂਰੀ ਮਿਲ ਗਈ ਸੀ। ਇਸ ਤੋਂ ਬਾਅਦ ਹੁਣ ਬ੍ਰਿਟੇਨ ਦੀ ਰੈਗੂਲੇਟਰੀ ਬਾਡੀ ਨੇ ਵੀ ਇਜਾਜ਼ਤ ਦੇ ਦਿੱਤੀ ਹੈ। ਇਸਦੇ ਨਾਲ ਹੀ ਫਾਈਜ਼ਰ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਵੈਕਸੀਨ ਬਣ ਗਈ ਹੈ। ਇਸ ਬਾਰੇ ਰੈਗੂਲੇਟਰੀ ਏਜੰਸੀ ਦੇ ਮੁਖੀ ਦਾ ਕਹਿਣਾ ਹੈ ਕਿ ਅਸੀਂ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਕਲੀਨਿਕਲ ਅਜ਼ਮਾਇਸ਼ਾਂ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਜਿਸ ਨੂੰ ਸੁਰੱਖਿਅਤ ਦੇ ਨਾਲ ਇਸ ਵਰਗ ‘ਤੇ ਅਸਰਦਾਰ ਪਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਨਾਲ ਬੱਚਿਆਂ ਨੂੰ ਕੋਈ ਖ਼ਤਰਾ ਨਹੀਂ ਹੈ।
ਬੱਚਿਆਂ ਲਈ 100% ਕਾਰਗਰ ਵੈਕਸੀਨ: ਫਾਈਜ਼ਰ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ ਇਸ ਵਰਗ ‘ਤੇ 100% ਅਸਰਦਾਰ ਹੈ। ਅਮਰੀਕਾ ‘ਚ 2,260 ਅੱਲੜ੍ਹਾਂ ‘ਤੇ ਫੇਜ਼-3 ਟਰਾਇਲ ਕੀਤੇ ਗਏ ਜਿਸ ‘ਚ ਵੈਕਸੀਨ ਦਾ ਐਂਟੀਬਾਡੀ ਪ੍ਰਤੀਕ੍ਰਿਆ ਚੰਗੀ ਸੀ। ਦੱਸ ਦੇਈਏ ਕਿ ਬੱਚਿਆਂ ‘ਤੇ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਦੇ ਮੱਦੇਨਜ਼ਰ ਭਾਰਤ ਬਾਇਓਟੈਕ ਦੇ ਕੋਵੈਕਸਿਨ ਦੇ ਕਲੀਨਿਕਲ ਟਰਾਇਲ ਵੀ ਸ਼ੁਰੂ ਕੀਤੇ ਗਏ ਹਨ। ਟ੍ਰਾਇਲ ‘ਚ 2 ਤੋਂ 18 ਸਾਲ ਦੇ ਘੱਟੋ-ਘੱਟ 100 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।