Monsoon Eye Infection: ਮੌਨਸੂਨ ਆਪਣੇ ਨਾਲ ਬਹੁਤ ਸਾਰੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਇਸ ਨਾਲ ਸਰਦੀ-ਜ਼ੁਕਾਮ ਹੁੰਦਾ ਹੈ ਜਦਕਿ ਦੂਜੇ ਪਾਸੇ ਇਹ ਇੰਫੈਕਸ਼ਨ ਦੇ ਖ਼ਤਰੇ ਨੂੰ ਵਧਾਉਂਦਾ ਹੈ। ਮੌਨਸੂਨ ਦੌਰਾਨ ਅੱਖਾਂ ਦੀ ਇੰਫੈਕਸ਼ਨ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਉੱਥੇ ਹੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮੌਨਸੂਨ ਵਿੱਚ ਤੁਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹੋ।
ਕੀ ਹਨ ਇੰਫੈਕਸ਼ਨ ਦੇ ਲੱਛਣ ?
- ਤੇਜ਼ ਰੌਸ਼ਨੀ ਕਾਰਨ ਅੱਖਾਂ ‘ਚ ਦਰਦ ਹੋਣਾ
- ਲਗਾਤਾਰ ਪਾਣੀ ਵਹਿਣਾ
- ਅੱਖਾਂ ‘ਚ ਜਲਣ ਹੋਣੀ
- ਵਾਰ-ਵਾਰ ਮਹਿਸੂਸ ਕਰਨਾ ਕਿ ਅੱਖ ‘ਚ ਕੁੱਝ ਚਲਾ ਗਿਆ
- ਪਲਕਾਂ ਨੂੰ ਛੂਹਣ ਨਾਲ ਦਰਦ ਹੋਣਾ
- ਅੱਖਾਂ ਵਿੱਚ ਖੁਸ਼ਕੀ
- ਪਲਕਾਂ ਦੇ ਵਾਲਾਂ ‘ਤੇ ਪੱਪੜੀ ਜੰਮਣੀ
ਇਸ ਤਰ੍ਹਾਂ ਰੱਖੋ ਅੱਖਾਂ ਦਾ ਧਿਆਨ…
ਅੱਖਾਂ ਨੂੰ ਚੰਗੀ ਤਰ੍ਹਾਂ ਧੋਵੋ: ਮੀਂਹ ਵਿੱਚ ਗਿੱਲੇ ਹੋਣ ਕਾਰਨ ਸਾਡੀਆਂ ਅੱਖਾਂ ਵਿੱਚ ਮੀਂਹ ਦਾ ਪਾਣੀ ਚਲਾ ਜਾਂਦਾ ਹੈ ਜਿਸ ਕਾਰਨ ਸਾਡੀਆਂ ਅੱਖਾਂ ਵਿੱਚ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਮੌਨਸੂਨ ਦੇ ਮੌਸਮ ਵਿਚ ਸਵੇਰੇ-ਸਵੇਰੇ ਠੰਡੇ ਪਾਣੀ ਨਾਲ ਆਪਣੀਆਂ ਅੱਖਾਂ ਧੋਣੀਆਂ ਚਾਹੀਦੀਆਂ ਹਨ ਇਸ ਨਾਲ ਇੱਕ ਫਾਇਦਾ ਇਹ ਹੋਏਗਾ ਕਿ ਤੁਹਾਡੀਆਂ ਅੱਖਾਂ ਵਿਚ ਜਮ੍ਹਾਂ ਹੋਈ ਸਾਰੀ ਮੈਲ ਬਾਹਰ ਆ ਜਾਵੇਗੀ ਅਤੇ ਤੁਹਾਡੀਆਂ ਅੱਖਾਂ ਸਾਫ਼ ਹੋਣਗੀਆਂ।
ਆਪਣੀਆਂ ਅੱਖਾਂ ਨੂੰ ਐਨਕਾਂ ਨਾਲ ਕਵਰ ਕਰੋ: ਕੋਰੋਨਾ ਪੀਰੀਅਡ ਵਿੱਚ ਜਿੰਨਾ ਤੁਸੀਂ ਆਪਣੇ ਆਪ ਨੂੰ ਕਵਰ ਕਰਕੇ ਜਾਓਗੇ ਓਨਾ ਹੀ ਚੰਗਾ ਹੈ। ਤੁਸੀਂ ਮਾਸਕ ਤਾਂ ਪਾਉਂਦੇ ਹੀ ਹੋ ਤਾਂ ਅਜਿਹੇ ‘ਚ ਮੌਨਸੂਨ ਦੇ ਮੌਸਮ ਵਿੱਚ ਅੱਖਾਂ ਦੀ ਇੰਫੈਕਸ਼ਨ ਤੋਂ ਬਚਣ ਲਈ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਐਨਕਾਂ ਪਾ ਕੇ ਹੀ ਜਾਓ ਇਸ ਨਾਲ ਤੁਹਾਡੀਆਂ ਅੱਖਾਂ ਧੂੜ-ਮਿੱਟੀ ਤੋਂ ਬਚੀਆਂ ਰਹਿਣਗੀਆਂ।
ਆਪਣੀਆਂ ਅੱਖਾਂ ਨੂੰ ਵਾਰ-ਵਾਰ ਨਾ ਲਗਾਓ ਹੱਥ: ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਇਕ ਚੀਜ਼ ਹਮੇਸ਼ਾਂ ਧਿਆਨ ‘ਚ ਰੱਖੋ ਕਿ ਆਪਣੇ ਹੱਥਾਂ ਨੂੰ ਵਾਰ-ਵਾਰ ਆਪਣੀਆਂ ਅੱਖਾਂ ‘ਤੇ ਨਾ ਲਗਾਓ ਇਹ ਇੰਫੈਕਸ਼ਨ ਦੇ ਖ਼ਤਰੇ ਨੂੰ ਵਧਾ ਸਕਦਾ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਦਿਨ ‘ਚ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਛੂਹਦੇ ਹਾਂ।
ਇਨ੍ਹਾਂ ਚੀਜ਼ਾਂ ਨੂੰ ਕਿਸੇ ਨਾਲ ਸ਼ੇਅਰ ਨਾ ਕਰੋ: ਜੇ ਤੁਹਾਡੇ ਕੋਲ ਐਨਕਾਂ ਹਨ ਤਾਂ ਉਨ੍ਹਾਂ ਐਨਕਾਂ ਨੂੰ ਕਿਸੇ ਨਾਲ ਸ਼ੇਅਰ ਨਾ ਕਰੋ। ਇਸ ਨਾਲ ਇੰਫੈਕਸ਼ਨ ਦਾ ਖ਼ਤਰਾ ਘੱਟ ਜਾਵੇਗਾ ਕਿਉਂਕਿ ਜੇ ਉਸ ਵਿਅਕਤੀ ਨੂੰ ਆਈ ਫਲੂ ਹੋਵੇ ਤਾਂ ਤੁਸੀਂ ਵੀ ਉਸ ਇੰਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਕਿਸੀ ਦਾ ਵਰਤਿਆ ਹੋਇਆ ਕਾਜਲ ਨਾ ਲਗਾਓ ਅਤੇ ਨਾ ਹੀ ਕਿਸੇ ਦੇ ਤੌਲੀਏ ਦੀ ਵਰਤੋਂ ਕਰੋ।