Nerve Pain Home Remedies: ਗ਼ਲਤ ਪੋਜੀਸ਼ਨ ‘ਚ ਲੰਬੇ ਸਮੇਂ ਤੱਕ ਬੈਠਣ ਕਾਰਨ ਲੱਤਾਂ ਅਤੇ ਪੈਰਾਂ ‘ਚ ਦਰਦ ਹੋਣਾ ਆਮ ਗੱਲ ਹੈ। ਕਈ ਵਾਰ ਇਹ ਦਰਦ ਇੰਨਾ ਵੱਧ ਜਾਂਦਾ ਹੈ ਕਿ ਲੋਕਾਂ ਨੂੰ ਫਿਜ਼ੀਓਥੈਰੇਪੀ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਪੈਨਕਿੱਲਰ ਲੈਣ ਲੱਗਦੇ ਹਨ ਪਰ ਇਸ ਨਾਲ ਲੀਵਰ ਅਤੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਲੱਤਾਂ ਦੀਆਂ ਨਾੜੀਆਂ ‘ਚ ਹੋਣ ਵਾਲੇ ਦਰਦ ਨੂੰ ਦੂਰ ਕਰ ਸਕਦੇ ਹੋ।
ਲੱਤਾਂ ਦੀਆਂ ਨਾੜੀਆਂ ‘ਚ ਦਰਦ ਹੋਣ ਦੇ ਕਾਰਨ
- ਸੱਟ ਲੱਗਣੀ
- ਨਾੜੀਆਂ ਨੂੰ ਖੂਨ ਦੀ ਸਪਲਾਈ ਦੀ ਕਮੀ
- ਸਾਈਟਿਕਾ
- ਸਟਰੋਕ
- ਸਰੀਰ ‘ਚ ਵਿਟਾਮਿਨਜ਼ ਦੀ ਕਮੀ
- ਆਇਰਨ ਦੀ ਕਮੀ
ਲੱਤਾਂ ਦੀਆਂ ਨਸਾਂ ‘ਚ ਦਰਦ ਨੂੰ ਠੀਕ ਕਰਨ ਲਈ ਆਯੁਰਵੈਦਿਕ ਨੁਸਖ਼ੇ
ਹਰਿਦ੍ਰਾ: ਆਯੁਰਵੈਦਿਕ ਜੜ੍ਹੀ-ਬੂਟੀ ਹਰਿਦ੍ਰਾ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਸ ਦਾ ਕਾੜ੍ਹਾ ਪੀਣ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਨਸਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਕਿਸੇ ਮਾਹਿਰ ਦੀ ਸਲਾਹ ਨਾਲ ਇਸ ਦਾ ਐਬਸਟਰੈਕਟ ਜਾਂ ਪਾਊਡਰ ਵੀ ਲੈ ਸਕਦੇ ਹੋ।
ਤਿਲ ਦੇ ਤੇਲ ਨਾਲ ਕਰੋ ਮਾਲਿਸ਼: ਤਿਲ ਦੇ ਤੇਲ ਨੂੰ ਹਲਕਾ ਗਰਮ ਕਰਕੇ ਪ੍ਰਭਾਵਿਤ ਥਾਂ ‘ਤੇ ਮਾਲਿਸ਼ ਕਰੋ। ਅਜਿਹਾ ਨਿਯਮਿਤ ਤੌਰ ‘ਤੇ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਬਲੱਡ ਸਰਕੂਲੇਸ਼ਨ ਵੀ ਵਧੇਗਾ।
ਅਦਰਕ: ਸੌਣ ਤੋਂ ਪਹਿਲਾਂ ਅਦਰਕ ਅਤੇ ਲੈਵੇਂਡਰ ਦੇ ਤੇਲ ਨੂੰ ਗੁਣਗੁਣਾ ਕਰਕੇ ਪ੍ਰਭਾਵਿਤ ਨਾੜੀਆਂ ਦੀ ਮਾਲਿਸ਼ ਕਰੋ। ਇਸ ਨਾਲ ਤਣਾਅ ਦੂਰ ਹੋਵੇਗਾ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ।
ਮੇਥੀ: ਮੇਥੀ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ ਜਿਸ ਨਾਲ ਬੰਦ ਨਾੜੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸ ਦੇ ਨਾਲ ਹੀ ਮੇਥੀ ‘ਚ ਪ੍ਰੋਟੀਨ, ਵਿਟਾਮਿਨ ਸੀ, ਕੈਲਸ਼ੀਅਮ ਅਤੇ ਆਇਰਨ ਵੀ ਭਰਪੂਰ ਹੁੰਦਾ ਹੈ ਜੋ ਨਸਾਂ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ।
ਗ੍ਰੀਨ ਟੀ ਪੀਓ: ਗ੍ਰੀਨ ਟੀ ‘ਚ ਐਲ-ਥਾਈਨਾਈਨ ਹੁੰਦਾ ਹੈ ਜੋ ਦਿਮਾਗੀ ਪ੍ਰਣਾਲੀ ਦੀ ਸਿਹਤ ਨੂੰ ਵਧਾਵਾ ਦਿੰਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਨਸਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਹਲਦੀ: ਐਂਟੀਬਾਇਓਟਿਕ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਵੀ ਨਸਾਂ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਇਸ ਦੇ ਲਈ ਤੁਸੀਂ ਹਲਦੀ ਵਾਲਾ ਦੁੱਧ ਪੀ ਸਕਦੇ ਹੋ। ਇਸ ਤੋਂ ਇਲਾਵਾ ਹਲਦੀ ਨੂੰ ਤੇਲ ‘ਚ ਗਰਮ ਕਰਕੇ ਪ੍ਰਭਾਵਿਤ ਥਾਂ ‘ਤੇ ਲਗਾਉਣ ਨਾਲ ਵੀ ਰਾਹਤ ਮਿਲੇਗੀ।