Night Cough home remedies: ਮੌਸਮ ‘ਚ ਬਦਲਾਅ ਕਾਰਨ ਕਈ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਰਾਤ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਕਈ ਵਾਰ ਸੌਂਦੇ ਸਮੇਂ ਵੀ ਖੰਘ ਆਉਂਦੀ ਹੈ। ਇਸ ਕਾਰਨ ਨੀਂਦ ਨਾ ਆਉਣਾ, ਛਾਤੀ ‘ਚ ਬਲਗ਼ਮ ਜਮ੍ਹਾ ਹੋਣ ਨਾਲ ਜਕੜਨ ਮਹਿਸੂਸ ਹੋਣਾ ਅਤੇ ਸਾਹ ਲੈਣ ‘ਚ ਤਕਲੀਫ਼ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ। ਦੂਜੇ ਪਾਸੇ ਖੰਘ ਵੀ ਦੁਨੀਆ ਭਰ ‘ਚ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਇੱਕ ਲੱਛਣ ਹੈ। ਅਜਿਹੇ ‘ਚ ਤੁਸੀਂ ਇਸ ਤੋਂ ਬਚਣ ਲਈ ਕੁਝ ਕਾਰਗਰ ਘਰੇਲੂ ਨੁਸਖੇ ਅਪਣਾ ਸਕਦੇ ਹੋ।
ਸ਼ਹਿਦ, ਨਿੰਬੂ ਦਾ ਸੇਵਨ ਕਰੋ: ਇਸ ਦੇ ਲਈ 1/2 ਚੱਮਚ ਸ਼ਹਿਦ ‘ਚ ਕੁਝ ਬੂੰਦਾਂ ਨਿੰਬੂ ਅਤੇ ਚੁਟਕੀਭਰ ਇਲਾਇਚੀ ਪਾਊਡਰ ਮਿਲਾਓ। ਤਿਆਰ ਮਿਸ਼ਰਣ ਦਾ ਦਿਨ ‘ਚ ਦੋ ਵਾਰ ਸੇਵਨ ਕਰੋ। ਇਸ ਨਾਲ ਖ਼ੰਘ ਅਤੇ ਜ਼ੁਕਾਮ ਤੋਂ ਰਾਹਤ ਮਿਲੇਗੀ।
ਗੁਣਗੁਣੇ ਪਾਣੀ ਦਾ ਕਰੋ ਸੇਵਨ: ਖ਼ੰਘ ਹੋਣ ‘ਤੇ ਠੰਡੇ ਦੀ ਬਜਾਏ ਗੁਣਗੁਣਾ ਪਾਣੀ ਪੀਓ। ਇਸ ਨਾਲ ਗਲੇ ‘ਚ ਜਮ੍ਹਾ ਬਲਗਮ ਨੂੰ ਬਾਹਰ ਕੱਢਣ ‘ਚ ਮਦਦ ਮਿਲੇਗੀ। ਇਸ ਤਰ੍ਹਾਂ ਖੰਘ ਤੋਂ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਬੈੱਡ ਦੇ ਕੋਲ ਕੋਸਾ ਪਾਣੀ ਰੱਖ ਕੇ ਸੌਂ ਸਕਦੇ ਹੋ। ਕੋਸੇ ਪਾਣੀ ‘ਚ ਇਕ ਚੁਟਕੀ ਨਮਕ ਮਿਲਾ ਕੇ ਦਿਨ ‘ਚ 2-3 ਵਾਰ ਗਰਾਰੇ ਕਰੋ। ਇਸ ਨਾਲ ਖੰਘ ਦੇ ਨਾਲ-ਨਾਲ ਗਲੇ ਦੀ ਖਰਾਸ਼, ਦਰਦ, ਜ਼ੁਕਾਮ ਆਦਿ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਹਲਦੀ ਵਾਲਾ ਦੁੱਧ: ਹਲਦੀ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਇੰਫੈਕਸ਼ਨ ਨਾਲ ਲੜਨ ‘ਚ ਮਦਦ ਮਿਲਦੀ ਹੈ। ਇਮਿਊਨਿਟੀ ਮਜ਼ਬੂਤ ਹੋ ਕੇ ਸਰਦੀ, ਖ਼ੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਨੂੰ ਸਬਜ਼ੀਆਂ ‘ਚ ਮਿਲਾਉਣ ਦੇ ਨਾਲ ਤੁਸੀਂ ਇਸ ਦਾ ਸੇਵਨ ਦੁੱਧ ‘ਚ ਮਿਲਾਕੇ ਵੀ ਕਰ ਸਕਦੇ ਹੋ। ਇਸ ਦੇ ਲਈ ਸੌਣ ਤੋਂ ਪਹਿਲਾਂ 1 ਗਲਾਸ ਕੋਸੇ ਦੁੱਧ ‘ਚ 2 ਚੁਟਕੀ ਹਲਦੀ ਮਿਲਾ ਕੇ ਪੀਓ। ਇਸ ਨਾਲ ਸੌਂਦੇ ਸਮੇਂ ਖ਼ੰਘ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਸਾਲੇ ਵਾਲੀ ਚਾਹ: ਜੇਕਰ ਤੁਹਾਨੂੰ ਜ਼ਿਆਦਾਤਰ ਰਾਤ ਨੂੰ ਖੰਘ ਆਉਣ ਦੀ ਪਰੇਸ਼ਾਨੀ ਹੈ ਤਾਂ ਇਸ ਤੋਂ ਬਚਣ ਲਈ ਮਸਾਲਾ ਚਾਹ ਦਾ ਸੇਵਨ ਕਰੋ। ਇਸ ਦੇ ਲਈ ਤੁਲਸੀ, ਕਾਲੀ ਮਿਰਚ, ਅਦਰਕ, ਇਲਾਇਚੀ ਆਦਿ ਮਿਲਾ ਕੇ ਚਾਹ ਪੀਓ। ਔਸ਼ਧੀ ਗੁਣਾਂ ਨਾਲ ਭਰਪੂਰ ਇਨ੍ਹਾਂ ਚੀਜ਼ਾਂ ਤੋਂ ਤਿਆਰ ਚਾਹ ਦਾ ਸੇਵਨ ਕਰਨ ਨਾਲ ਤੁਹਾਨੂੰ ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲੇਗੀ।
ਅਦਰਕ-ਤੁਲਸੀ: ਅਦਰਕ ਦੇ ਰਸ ‘ਚ ਤੁਲਸੀ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਖ਼ੰਘ ਤੋਂ ਰਾਹਤ ਮਿਲਦੀ ਹੈ।
ਕਾਲੀ ਮਿਰਚ: ਖ਼ੰਘ ਦੇ ਨਾਲ ਬਲਗਮ ਆਉਣ ਦੀ ਸਮੱਸਿਆ ‘ਤੇ 1/2 ਚਮਚ ਕਾਲੀ ਮਿਰਚ ‘ਚ ਥੋੜ੍ਹਾ ਜਿਹਾ ਦੇਸੀ ਘਿਓ ਮਿਲਾ ਕੇ ਖਾਓ।
ਗ੍ਰੀਨ ਟੀ ਪੀ ਕੇ ਸੋਵੋ: ਤੁਸੀਂ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬੈਕਟੀਰੀਅਲ ਇੰਫੈਕਸ਼ਨ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਰਾਤ ਭਰ ਹਾਈਡ੍ਰੇਟਿਡ ਰਹਿਣ ਨਾਲ ਵਾਰ-ਵਾਰ ਖ਼ੰਘ ਆਉਣ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
ਗਰਮ ਭੋਜਨ ਖਾਓ: ਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਕਰਨ ਨਾਲ ਖ਼ੰਘ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਡੇਲੀ ਡਾਇਟ ‘ਚ ਸੂਪ, ਮਸਾਲਾ ਚਾਹ, ਗਰਮ ਪਾਣੀ, ਗੁੜ ਆਦਿ ਦਾ ਸੇਵਨ ਕਰੋ। ਇਸ ਦੇ ਨਾਲ ਹੀ ਠੰਡੀਆਂ, ਮਸਾਲੇਦਾਰ ਅਤੇ ਤੇਲ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਖੰਘ ਤੋਂ ਬਚਣ ਲਈ ਇਹ ਕੁਝ ਸਧਾਰਨ ਘਰੇਲੂ ਨੁਸਖ਼ੇ ਹਨ। ਪਰ ਤੁਸੀਂ ਇਨ੍ਹਾਂ ‘ਚੋਂ ਕਿਸੇ ਨੂੰ ਵੀ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।