Nuts Seeds health benefits: ਸਰੀਰ ਦੀਆਂ ਰੋਜ਼ਾਨਾ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਟਸ ਅਤੇ ਬੀਜ ਬੈਸਟ ਆਪਸ਼ਨ ਹਨ। ਮਦਰ ਨੇਚਰ ਦੇ ਇਹ ਨਟਸ ਜਿਵੇਂ ਕਿ ਬਦਾਮ, ਕਾਜੂ, ਕੱਦੂ ਦੇ ਬੀਜ, ਚਿਆ ਸੀਡਜ਼ ਆਦਿ ਮੋਨੋਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਐਂਟੀਆਕਸੀਡੈਂਟਸ, ਆਇਰਨ, ਫਾਸਫੋਰਸ ਅਤੇ ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਨਟਸ ਅਤੇ ਬੀਜ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਿਹਤਮੰਦ ਰਹਿਣ ਲਈ ਤੁਹਾਨੂੰ ਆਪਣੀ ਡਾਈਟ ‘ਚ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਬਦਾਮ: ਸੁਆਦੀ ਅਤੇ ਹੈਲਥੀ ਬਦਾਮ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਭੰਡਾਰ ਹਨ ਜੋ ਇਮਿਊਨਿਟੀ ਨੂੰ ਵਧਾਉਂਦੇ ਹਨ। ਮਾਹਿਰ ਰੋਜ਼ਾਨਾ 5-7 ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੰਦੇ ਹਨ।
ਅਖਰੋਟ: ਇਸ ‘ਚ ਪ੍ਰੋਟੀਨ, ਫਾਈਬਰ, ਪਲਾਂਟ ਸਟੇਰੋਲ, ਹੈਲਥੀ ਫੈਟ, ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਬ੍ਰੇਨ ਫ਼ੂਡ ਕਿਹਾ ਜਾਣ ਵਾਲਾ ਅਖਰੋਟ ਯਾਦਦਾਸ਼ਤ ਵਧਾਉਂਦਾ ਹੈ। ਇਹ ਅਲਜ਼ਾਈਮਰ, ਤਣਾਅ, ਡਿਪਰੈਸ਼ਨ ਦੇ ਖਤਰੇ ਨੂੰ ਵੀ ਘਟਾਉਂਦਾ ਹੈ। ਖੋਜ ਮੁਤਾਬਕ ਇਹ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਕੱਦੂ ਦੇ ਬੀਜ-ਕਾਜੂ: ਪ੍ਰੋਟੀਨ ਦਾ ਪਾਵਰਹਾਊਸ ਕੱਦੂ ਦੇ ਬੀਜ ਅਤੇ ਕਾਜੂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਹ ਹੈਲਥੀ ਫੈਟ (ਮੋਨੋਅਨਸੈਚੁਰੇਟਿਡ ਫੈਟ) ਦਾ ਇੱਕ ਬਹੁਤ ਵੱਡਾ ਸਰੋਤ ਹੈ ਜੋ ਟ੍ਰਾਈਗਲਿਸਰਾਈਡ ਦੇ ਲੈਵਲ ਨੂੰ ਘੱਟ ਕਰਦਾ ਹੈ। ਅਜਿਹੇ ‘ਚ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਬੈਸਟ ਆਪਸ਼ਨ ਹੈ।
ਮੂੰਗਫਲੀ: ਗਰੀਬਾਂ ਦਾ ਬਾਦਾਮ ਮੂੰਗਫਲੀ ਫਾਈਬਰ ਦਾ ਵਧੀਆ ਸਰੋਤ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਰਿਸਰਚ ਮੁਤਾਬਕ ਹਫਤੇ ‘ਚ ਦੋ ਵਾਰ ਮੂੰਗਫਲੀ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ 19 ਫੀਸਦੀ ਤੱਕ ਘੱਟ ਜਾਂਦਾ ਹੈ।
ਸੋਇਆਬੀਨ-ਮਖਾਣਾ: ਸੋਇਆਬੀਨ, ਮਖਾਣੇ ਅਤੇ ਚਿੱਟੇ ਤਿਲ ਵੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਜਦੋਂ ਕਿ ਸੋਇਆਬੀਨ ਪ੍ਰੋਟੀਨ ਦਾ ਵਧੀਆ ਸਰੋਤ ਹੈ ਉੱਥੇ ਹੀ ਮਖਾਣੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ।
ਚਿਆ ਸੀਡਜ਼: ਚਿਆ ਸੀਡਜ਼ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹਨ ਜੋ ਸਰੀਰ ਅਤੇ ਦਿਮਾਗ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ। “ਸੁਪਰਫੂਡ” ‘ਚੋਂ ਇੱਕ ਚਿਆ ਸੀਡਜ਼ ਭਾਰ ਘਟਾਉਣ ‘ਚ ਵੀ ਬਹੁਤ ਮਦਦਗਾਰ ਹੈ।
ਤਿਲ ਦੇ ਬੀਜ: ਤਿਲ ਪ੍ਰੋਟੀਨ ਦਾ ਬਹੁਤ ਵੱਡਾ ਸਰੋਤ ਹੈ ਜੋ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਅਨੀਮੀਆ ਜਾਂ ਗਠੀਏ ‘ਚ ਲਾਭਕਾਰੀ ਹੈ। ਸਰਦੀਆਂ ‘ਚ ਇਸ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਵੀ ਬਚਾਅ ਹੁੰਦਾ ਹੈ।
ਅਲਸੀ ਦੇ ਬੀਜ: ਅਧਿਐਨਾਂ ਦੇ ਅਨੁਸਾਰ ਫਲੈਕਸ ਸੀਡਜ਼ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਬ੍ਰੈਸਟ ਕੈਂਸਰ ਨਾਲ ਲੜਨ ‘ਚ ਮਦਦ ਕਰ ਸਕਦਾ ਹੈ। ਇਸ ‘ਚ ਓਮੇਗਾ-3 ਫੈਟੀ ਐਸਿਡ, ਲਿਗਨਾਨ ਅਤੇ ਫਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੇ ਹਨ।