Petrol pump Benzene fumes: ਸਕੂਟੀ, ਸਕੂਟਰ ਜਾਂ ਬਾਈਕ ਵਿਚ ਪੈਟਰੋਲ ਜਾਂ ਡੀਜ਼ਲ ਪਵਾਉਣ ਸਮੇਂ ਕੀ ਤੁਹਾਡੇ ਦਿਮਾਗ ਵਿਚ ਆਇਆ ਕਿ ਤੁਸੀਂ ਇਸ ਤੋਂ ਬੀਮਾਰ ਹੋ ਸਕਦੇ ਹੋ। ਅਜਿਹਾ ਅਸੀਂ ਨਹੀਂ ਬਲਕਿ ਹਾਲ ਹੀ ‘ਚ ਹੋਈ ਇੱਕ ਖੋਜ ਦਾ ਕਹਿਣਾ ਹੈ। ਤਾਜ਼ਾ ਖੋਜਾਂ ਅਨੁਸਾਰ ਬਾਈਕ, ਸਕੂਟਰ, ਸਕੂਟੀਆਂ ਵਿੱਚ ਪੈਟਰੋਲ ਭਰਵਾਉਣ ਵਾਲੇ ਲੋਕਾਂ ਦੇ ਫੇਫੜੇ ਫੇਲ ਹੋ ਸਕਦੇ ਹਨ। ਅਜਿਹੇ ‘ਚ ਜੇ ਤੁਸੀਂ ਵੀ ਮੋਟਰ-ਸਾਈਕਲ ਜਾਂ ਸਕੂਟਰ ਤੇ ਬੈਠੇ-ਬੈਠੇ ਪੈਟਰੋਲ ਭਰਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ।
ਫੇਫੜੇ ਹੋ ਸਕਦੇ ਹਨ ਖ਼ਰਾਬ: ਦਰਅਸਲ ਲੋਕ ਅਣਜਾਣੇ ਵਿਚ ਪੈਟਰੋਲ ਪੰਪ ‘ਤੇ ਬੈਂਜਿਨ ਨਾਂ ਦੀ ਇਕ ਨੁਕਸਾਨਦੇਹ ਗੈਸ ਦੇ ਸੰਪਰਕ ਵਿਚ ਆ ਜਾਂਦੇ ਹਨ ਜੋ ਸਾਹ ਰਾਹੀਂ ਸਰੀਰ ਤਕ ਪਹੁੰਚ ਕੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵਿਗਿਆਨੀਆਂ ਅਨੁਸਾਰ ਇਹ ਗੈਸਾਂ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਨਾਲ ਦਿਲ ਦੀ ਧੜਕਣ ਵਧਣਾ, ਮਾਈਗ੍ਰੇਨ ਵਰਗਾ ਸਿਰਦਰਦ, ਬੇਹੋਸ਼ੀ ਜਾਂ ਵਹਿਮ ਵੀ ਪੈਦਾ ਹੋ ਸਕਦਾ ਹੈ।
ਕਿੰਨੀ ਹੈ ਇਜਾਜ਼ਤ: ਬੈਂਜਿਨ ਵੀ ਇੱਕ ਹਾਨੀਕਾਰਕ ਜਲਣਸ਼ੀਲ ਹਾਈਡ੍ਰੋਕਾਰਬਨ ਹੈ। ਅੰਤਰਰਾਸ਼ਟਰੀ ਪੱਧਰ ਦੇ ਪੈਟਰੋਲ ਪੰਪਾਂ ‘ਤੇ ਸਿਰਫ ਇੱਕ ਪੀਪੀਐਮ (ਮਿਲੀਅਨ ਪ੍ਰਤੀ ਹਿੱਸਾ) ਬੈਂਜਿਨ ਗੈਸ ਹੀ ਹੋ ਸਕਦੀ ਹੈ। ਹਾਲਾਂਕਿ ਕਈ ਵਾਰ ਕੰਪਨੀਆਂ ਪੈਟਰੋਲ ਵਿਚ 10 ਗੁਣਾ ਜ਼ਿਆਦਾ ਬੈਂਜਿਨ ਗੈਸ ਮਿਲਾ ਜਾਂਦੀਆਂ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਐਨਜੀਟੀ ਅਤੇ ਸੀਪੀਸੀਬੀ ਦੁਆਰਾ ਇਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਕੰਪਨੀਆਂ ਅਣਦੇਖਾ ਕਰ ਦਿੰਦੀਆਂ ਹਨ।
ਕਿਵੇਂ ਦਾਖ਼ਲ ਹੁੰਦਾ ਹੈ ਸਰੀਰ ‘ਚ: ਦਰਅਸਲ ਜਦੋਂ ਤੁਸੀਂ ਪੈਟਰੋਲ ਭਰਵਾ ਰਹੇ ਹੁੰਦੇ ਹੋ ਤਾਂ ਇਹ ਗੈਸ ਹਵਾ ਵਿਚ ਮਿਕਸ ਹੋ ਕੇ ਸਾਹ ਰਾਹੀਂ ਨੱਕ ਦੇ ਜ਼ਰੀਏ ਸਰੀਰ ਵਿਚ ਦਾਖਲ ਹੋ ਜਾਂਦੀ ਹੈ। ਜੋ ਲੋਕ ਪੈਟਰੋਲ ਪੰਪ ‘ਤੇ ਲੰਮਾ ਸਮਾਂ ਇੰਤਜ਼ਾਰ ਕਰਦੇ ਹਨ ਉਨ੍ਹਾਂ ਲਈ ਇਹ ਜ਼ਿਆਦਾ ਖਤਰਨਾਕ ਹੈ ਓਥੇ ਹੀ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਉਹ 8 ਤੋਂ 12 ਘੰਟਿਆਂ ਲਈ ਇਸ ਦੇ ਸੰਪਰਕ ‘ਚ ਰਹਿੰਦੇ ਹਨ।
ਬਚਣ ਲਈ ਇਹ ਹਨ ਨਿਰਦੇਸ਼
- ਪ੍ਰਦੂਸ਼ਣ ਕੰਟਰੋਲ ਬੋਰਡ ਐਡਵਾਈਜ਼ਰੀ ਦੇ ਅਨੁਸਾਰ ਪੈਟਰੋਲ ਭਰਨ ਵਾਲੀਆਂ ਨੋਜਲਜ਼ ਦੇ ਨਾਲ ਸਟੇਜ-1 ਅਤੇ 2 ਦੇ ਵੇਪਰ ਰਿਕਵਰੀ ਸਿਸਟਮ ਲੱਗੇ ਹੋਣੇ ਚਾਹੀਦੇ ਹਨ। ਇਹ ਭਾਫ ਬਣ ਕੇ ਉੱਡਣ ਵਾਲੀ ਗੈਸ ਨੂੰ ਪੈਟਰੋਲ ਵਿਚ ਮਿਲਾ ਦਿੰਦੀ ਹੈ। ਜਿਸ ਨਾਲ ਨੁਕਸਾਨ ਘੱਟ ਹੁੰਦਾ ਹੈ।
- ਪੈਟਰੋਲ ਰਿਫਾਇਨਿੰਗ ਦਾ ਕੰਮ ਕਰਨ ਵਾਲੇ ਕਰਮਚਾਰੀ ਲਈ ਸੁਰੱਖਿਆ ਦਾ ਇੰਤਜ਼ਾਮ ਹੋਣਾ ਜ਼ਰੂਰੀ ਹੈ।
- ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਨੂੰ ਇਕ ਕਰੋੜ ਰੁਪਏ ਜੁਰਮਾਨਾ ਦੇਣਾ ਪਏਗਾ।
- ਇਹ ਯਾਦ ਰੱਖੋ ਕਿ ਜਦੋਂ ਵੀ ਪੈਟਰੋਲ ਭਰਾਉਣ ਜਾਓ ਤਾਂ ਮੂੰਹ ‘ਤੇ ਮਾਸਕ ਲਗਾਓ। ਪੈਟਰੋਲ ਪੰਪ ‘ਤੇ ਲੰਬੇ ਇੰਤਜ਼ਾਰ ਕਰਨ ਤੋਂ ਪਰਹੇਜ਼ ਕਰੋ। ਕੁਝ ਦੂਰੀ ਤੁਹਾਨੂੰ ਬੈਂਜਿਨ ਦੇ ਨੁਕਸਾਨ ਤੋਂ ਬਚਾਉਣ ਵਿੱਚ ਸਹਾਇਤਾ ਕਰ ਸਕਦੀ ਹੈ।