Pressure cooker food: ਅੱਜ ਦਾ ਸਮੇਂ ’ਚ ਹਰ ਕੋਈ ਰੁੱਝਾ ਹੋਇਆ ਅਤੇ ਹਰ ਕੋਈ ਆਪਣਾ ਕੰਮ ਤੇਜ਼ੀ ਨਾਲ ਨਿਪਟਾਉਣਾ ਚਾਹੁੰਦਾ ਹੈ ਫਿਰ ਉਹ ਕੰਮ ਦਫ਼ਤਰ ਦਾ ਹੋਵੇ ਜਾਂ ਘਰ ਦਾ। ਔਰਤਾਂ ਵੀ ਰਸੋਈ ਦਾ ਕੰਮ ਤੇਜ਼ੀ ਨਾਲ ਖ਼ਤਮ ਕਰਨਾ ਚਾਹੁੰਦੀਆਂ ਹਨ ਜਿਸ ਦਾ ਕਾਰਨ ਔਰਤਾਂ ਦਾ ਵਰਕਿੰਗ ਵੂਮੈਨ ਹੋਣਾ ਵੀ ਹੈ। ਇਸ ਲਈ ਹਰ ਕੰਮ ਨੂੰ ਜਲਦੀ ’ਚ ਹੀ ਕੀਤਾ ਜਾਂਦਾ ਹੈ। ਹੁਣ ਰਸੋਈ ਦੇ ਕੰਮਾਂ ਨੂੰ ਹੀ ਲੈ ਲਓ। ਖਾਣਾ ਬਣਾਉਣ ਲਈ ਅਜਿਹੇ ਭਾਂਡਿਆਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਕਿ ਜਿਸ ’ਚ ਭੋਜਨ ਜਲਦੀ ਅਤੇ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ। ਦਾਲ-ਸਬਜ਼ੀ ਬਣਾਉਣ ਲਈ ਪ੍ਰੈਸ਼ਰ ਕੁਕਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਸ਼ਰ ਕੁੱਕਰ ’ਚ ਬਣਾਇਆ ਖਾਣਾ ਹੈਲਦੀ (ਸਿਹਤਮੰਦ) ਹੁੰਦਾ ਹੈ ਜਾਂ ਨਹੀਂ। ਚੱਲੋ ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਤਾਰ ਨਾਲ ਦੱਸਦੇ ਹਾਂ।
ਪ੍ਰੈਸ਼ਰ ਕੁੱਕਰ ’ਚ ਕਿਸ ਤਰ੍ਹਾਂ ਬਣਦਾ ਹੈ ਭੋਜਨ: ਇਹ ਖਾਣਾ ਪਕਾਉਣ ਦਾ ਇਕ ਅਜਿਹਾ ਤਰੀਕਾ ਹੈ ਜਿਸ ’ਚ ਕੁੱਕਰ ਦੇ ਅੰਦਰ ਬੰਦ ਭਾਫ਼ ਰਾਹੀਂ ਖਾਣੇ ਨੂੰ ਪਕਾਇਆ ਜਾਂਦਾ ਹੈ। ਕੁੱਕਰ ਦੇ ਅੰਦਰ ਮੌਜੂਦ ਪਾਣੀ ਨੂੰ ਜਦੋਂ ਗੈਸ ’ਤੇ ਗਰਮ ਕੀਤਾ ਜਾਂਦਾ ਹੈ ਤਾਂ ਉਸ ਦਾ ਪ੍ਰੈਸ਼ਰ ਵਧਦਾ ਹੈ ਅਤੇ ਭਾਫ਼ ਰਾਹੀਂ ਖਾਣਾ ਬਣਨ ’ਚ ਜ਼ਿਆਦਾ ਸਮਾਂ ਨਹੀਂ ਲੱਗਦਾ ਅਤੇ ਗੈਸ ਦੀ ਵੀ ਬਚਤ ਹੁੰਦੀ ਹੈ।
ਹੈਲਦੀ ਆਪਸ਼ਨ: ਜੇਕਰ ਅਸੀਂ ਉਬਲੇ ਹੋਏ ਖਾਣੇ ਨਾਲ ਇਸ ਦੀ ਤੁਲਨਾ ਕਰੀਏ ਤਾਂ ਭਾਫ਼ ਨਾਲ ਖਾਣਾ ਪਕਾਉਣਾ ਜ਼ਿਆਦਾ ਹੈਲਦੀ ਆਪਸ਼ਨ ਹੈ। ਮਾਹਿਰਾਂ ਦੀ ਮੰਨੀਏ ਤਾਂ ਪੈ੍ਰਸ਼ਰ ਕੁੱਕਰ ਰਾਹੀਂ ਬਣਾਈਆਂ ਸਬਜ਼ੀਆਂ ’ਚ ਮੌਜੂਦ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ ਜਦੋਂਕਿ ਸਬਜ਼ੀਆਂ ਨੂੰ ਜੇਕਰ ਦੂਜੇ ਤਰੀਕੇ ਨਾਲ ਪਕਾਇਆ ਜਾਵੇ ਤਾਂ ਬਹੁਤ ਜ਼ਿਆਦਾ ਗਰਮ ਕਰਨ ਦੀ ਵਜ੍ਹਾ ਨਾਲ ਸਬਜ਼ੀਆਂ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ।
ਫੂਡ ’ਤੇ ਵੀ ਕਰਦਾ ਹੈ ਡਿਪੈਂਡ: ਪ੍ਰੈਸ਼ਰ ਕੁੱਕਰ ਹਰ ਤਰ੍ਹਾਂ ਦੇ ਖਾਣੇ ਨੂੰ ਬਣਾਉਣ ਲਈ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਉਦਾਹਰਣ ਵਜੋਂ ਕੁੱਕਰ ’ਚ ਬਣਾਏੇ ਚੌਲ, ਖੁੱਲ੍ਹੇ ਭਾਂਡੇ ’ਚ ਬਣਾਏ ਚੌਲਾਂ ਦੀ ਤੁਲਨਾ ’ਚ ਜ਼ਿਆਦਾ ਭਾਰੇ ਹੁੰਦੇ ਹਨ ਜਦੋਂਕਿ ਪ੍ਰੈਸ਼ਰ ਕੁੱਕਰ ’ਚ ਪਕਿਆ ਟਮਾਟਰ ਜ਼ਿਆਦਾ ਹੈਲਦੀ ਹੁੰਦਾ ਹੈ। ਉੱਧਰ ਗੱਲ ਜੇਕਰ ਚਿਕਨ ਜਾਂ ਮਟਨ ਦੀ ਕਰੀਏ ਤਾਂ ਖੁੱਲ੍ਹੇ ਭਾਂਡੇ ’ਚ ਪਕਾਉਣ ਦੀ ਤੁਲਨਾ ’ਚ ਕੁੱਕਰ ’ਚ ਬਣਾਉਣ ਮੀਟ ਨੂੰ ਡਾਈਜੈਸਟ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ। ਚੌਲ, ਆਲੂ, ਪਾਸਤਾ ਵਰਗੇ ਸਟਾਰਚ ਵਾਲੇ ਭੋਜਨ ਪਦਾਰਥ ਨੂੰ ਜਦੋਂ ਪ੍ਰੈਸ਼ਰ ਕੁੱਕਰ ’ਚ ਪਕਾਇਆ ਜਾਂਦਾ ਹੈ ਤਾਂ ਉਸ ’ਚ ਐਕਰੀਲਾਮਾਈਡ ਨਾਂ ਦਾ ਹਾਨੀਕਾਰਕ ਕੈਮੀਕਲ ਬਣਦਾ ਹੈ ਜਿਸ ਦੀ ਜੇਕਰ ਨਿਯਮਿਤ ਰੂਪ ਨਾਲ ਵਰਤੋਂ ਕੀਤੀ ਜਾਵੇ ਤਾਂ ਕੈਂਸਰ, ਨਿਊਰੋਲਾਜ਼ੀਕਲ ਡਿਸਆਰਡਰ ਵਰਗੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ।