Teeth care home remedies: ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ, ਠੀਕ ਉਸੇ ਤਰ੍ਹਾਂ ਦੰਦਾਂ ਦਾ ਵੀ ਇਕ ਵਿਸ਼ੇਸ਼ ਸਥਾਨ ਹੈ। ਦੰਦ ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਖਾਣ-ਪੀਣ ਅਤੇ ਬੋਲਣ ’ਚ ਵੀ ਸਾਡੀ ਮਦਦ ਕਰਦੇ ਹਨ। ਸੋਹਣੇ ਦੰਦਾਂ ਵਾਲਿਆਂ ਦਾ ਹੱਸਮੁੱਖ ਸੁਭਾਅ ਇਕ ਖੁਸ਼ਮਿਜਾਜ਼ ਵਿਅਕਤੀ ਦਾ ਪ੍ਰਤੀਕ ਹੈ। ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਸਰੀਰ ਦੀ ਪਾਚਣ ਕਿਰਿਆ ਮੂੰਹ ਤੋਂ ਸ਼ੁਰੂ ਹੋ ਜਾਂਦੀ ਹੈ। ਦੰਦਾਂ ਨਾਲ ਚਿੱਥ ਕੇ ਖਾਧੀ ਹੋਈ ਰੋਟੀ ਸਾਡਾ ਸਰੀਰ ਜਲਦੀ ਹਜ਼ਮ ਕਰ ਲੈਂਦਾ ਹੈ, ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸਰੀਰ ਦੇ ਦੂਜੇ ਅੰਗਾਂ ਵਾਂਗ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਦੰਦਾਂ ਪ੍ਰਤੀ ਵਰਤੀ ਗਈ ਬੇਧਿਆਨੀ ਕਰਕੇ ਦੰਦਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ, ਜੋ ਇਨ੍ਹਾਂ ਨੂੰ ਖ਼ਰਾਬ ਕਰ ਸਕਦੀਆਂ ਹਨ। ਦੰਦਾਂ ਦੀ ਸਾਂਭ-ਸੰਭਾਲ ਲਈ ਇਸਤੇਮਾਲ ਕਰੋ ਇਹਨਾਂ ਚੀਜ਼ਾਂ ਦੀ…
- ਮੂੰਹ ‘ਚ ਦੁਰਗੰਧ ਆਉਣ ‘ਤੇ ਰੁਟੀਨ ‘ਚ ਅੰਬ ਦੀ ਦਾਤਣ ਕਰਨੀ ਚਾਹੀਦੀ ਹੈ। ਕੁਝ ਦਿਨ ਅੰਬ ਦੀ ਦਾਤਣ ਕਰਨ ਨਾਲ ਮੂੰਹ ‘ਚੋਂ ਆਉਣ ਵਾਲੀ ਦੁਰਗੰਧ ਬਹੁਤ ਜਲਦੀ ਬੰਦ ਹੋ ਜਾਏਗੀ।
- ਨਸ਼ਾਦਰ, ਸੁੰਢ, ਹਲਦੀ ਅਤੇ ਨਮਕ ਨੂੰ ਬਾਰੀਕ ਪੀਸ ਕੇ ਕੱਪੜੇ ‘ਚ ਛਾਣ ਲਓ। ਫਿਰ ਸਰੋਂ ਦੇ ਤੇਲ ’ਚ ਮਿਲਾ ਕੇ ਮੰਜਨ ਕਰੋ। ਇਸ ਨਾਲ ਪਾਇਰੀਆ ਦਾ ਰੋਗ ਖਤਮ ਹੋ ਜਾਏਗਾ ਅਤੇ ਮੂੰਹ ਦੀ ਸਾਰੀ ਦੁਰਗੰਧ ਖਤਮ ਹੋ ਜਾਏਗੀ।
- ਦੰਦਾ ਦੀ ਸੰਭਾਲ ਕਰਨ ਲਈ ਨਮਕ ਅਤੇ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੋਂ ਦੇ ਤੇਲ ‘ਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮੰਜਨ ਕਰਨ ਨਾਲ ਵੀ ਦੰਦਾਂ ਨੂੰ ਲਾਭ ਹੁੰਦਾ ਹੈ।
- ਮਸੂੜਿਆਂ ’ਚ ਹੋਣ ਵਾਲੀ ਦਰਦ ਅਤੇ ਸੋਜ ਨੂੰ ਦੂਰ ਕਰਨ ਲਈ ਅੰਬਚੂਰ ਦੀ ਵਰਤੋਂ ਕਰੋ। ਬਾਰੀਕ ਪੀਸੇ ਅੰਬਚੂਰ ਨੂੰ ਹਲਕਾ ਗਰਮ ਕਰਕੇ ਮੂੰਹ ’ਚ ਲਗਾ ਕੇ ਕੁਰਲੀ ਕਰੋ। ਅਜਿਹਾ ਕਰਨ ਨਾਲ ਮਸੂੜਿਆਂ ਦਾ ਦਰਦ ਅਤੇ ਸੋਜ ਆਦਿ ਤੁਰੰਤ ਦੂਰ ਹੋ ਜਾਵੇਗੀ।
- ਦੰਦਾਂ ’ਚੋਂ ਨਿਕਲਣ ਵਾਲੇ ਖੂਨ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਅਨਾਰ ਦੀਆਂ ਪੱਤੀਆਂ ਦੀ ਵਰਤੋਂ ਕਰੋ। ਅਨਾਰ ਦੀਆਂ ਪੱਤੀਆਂ ਨੂੰ ਸੁਕਾ ਕੇ ਚੂਰਨ ਬਣਾ ਲਓ ਅਤੇ ਫਿਰ ਇਸ ਨੂੰ ਮੰਜਨ ਵਾਂਗ ਵਰਤੋਂ। ਅਜਿਹਾ ਕਰਨ ਨਾਲ ਦੰਦਾਂ ‘ਚੋਂ ਖੂਨ ਵਗਣਾ ਬੰਦ ਹੋ ਜਾਂਦਾ ਹੈ।
- ਦੰਦਾਂ ਦੀਆਂ ਬੀਮਾਰੀਆਂ ’ਚ ਬਬੂਲ ਬਹੁਤ ਲਾਭਦਾਇਕ ਹੈ। ਬਬੂਲ ਦੀ ਲੱਕੜ ਨੂੰ ਸਾੜ ਕੇ ਕੋਲ਼ਾ ਬਣਾ ਲਓ। ਇਸ ਨੂੰ ਬਾਰੀਕ ਪੀਸ ਕੇ ਕੱਪੜੇ ਨਾਲ ਛਾਣ ਲਓ। ਇਸ ਨੂੰ ਦੰਦਾਂ ‘ਤੇ ਖੂਬ ਚੰਗੀ ਤਰ੍ਹਾਂ ਮਲੋ ਅਤੇ ਅੱਧੇ ਘੰਟੇ ਤੱਕ ਕੁਰਲੀ ਨਾ ਕਰੋ। ਦੰਦਾਂ ਦਾ ਦਰਦ, ਦੰਦਾਂ ਦਾ ਹਿਲਣਾ, ਦੰਦਾਂ ‘ਚੋਂ ਖੂਨ ਆਉਣਾ, ਮਸੂੜਿਆਂ ਦਾ ਫੁੱਲਣਾ ਸਭ ਦੂਰ ਹੋ ਜਾਂਦਾ ਹੈ।
- ਨਸ਼ਾਦਰ ਅਤੇ ਸੁੰਢ ਨੂੰ ਬਰਾਬਰ ਮਾਤਰਾ ’ਚ ਲੈ ਕੇ ਬਾਰੀਕ ਪੀਸ ਲਓ ਅਤੇ ਇਸ ਨੂੰ ਮੰਜਨ ਵਾਂਗ ਵਰਤੋ। ਦੰਦ ਸਾਫ ਵੀ ਰਹਿਣਗੇ ਅਤੇ ਦੰਦਾਂ ਦੇ ਦਰਦ ਤੋਂ ਛੁਟਕਾਰਾ ਵੀ ਮਿਲੇਗਾ।
- ਬਦਾਮ ਦੇ ਛਿਲਕੇ ਨੂੰ ਅੱਗ ’ਚ ਸਾੜ ਕੇ ਕੁੱਟ ਲਓ ਅਤੇ ਸਾਫ ਕੱਪੜੇ ਨਾਲ ਛਾਣ ਲਓ। ਬਾਰੀਕ ਛਾਣਿਆ ਹੋਇਆ ਨਮਕ ਇਸ ਵਿਚ ਮਿਲਾ ਕੇ ਮੰਜਨ ਵਾਂਗ ਰੋਜ਼ ਵਰਤੋ।
- ਮੱਕੀ ਦੇ ਪੱਤਿਆਂ ਨੂੰ ਪਾਣੀ ’ਚ ਉਬਾਲੋ ਅਤੇ ਪਾਣੀ ਨੂੰ ਪੁਣ ਲਓ। ਪਾਣੀ ਥੋੜ੍ਹਾ ਗਰਮ ਰਹੇ ਤਾਂ ਕੁਰਲੀ ਕਰਨ ‘ਤੇ ਦੰਦਾਂ ਨੂੰ ਬਹੁਤ ਲਾਭ ਮਿਲਦਾ ਹੈ।