Trans-fat free Diwali: ਤਿਉਹਾਰਾਂ ਦੀ ਸ਼ੁਰੂਆਤ ਮਠਿਆਈਆਂ ਨਾਲ ਹੁੰਦੀ ਹੈ। ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਅਸੀਂ ਇਸ ਨੂੰ ਮਿਠਾਈਆਂ ਨਾਲ ਭਰਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੇ ਲੋਕ ਜਿੰਨੀਆਂ ਤਲੀਆਂ ਹੋਈਆਂ ਚੀਜ਼ਾਂ ਦੇ ਸ਼ੋਕੀਨ ਹਨ ਉਨ੍ਹਾਂ ਹੀ ਖੱਟੇ-ਮਿੱਠੇ ਨੂੰ ਵੀ ਪਸੰਦ ਕਰਦੇ ਹਨ। ਅਜਿਹੇ ‘ਚ ਤਿਉਹਾਰਾਂ ਦੇ ਸੀਜ਼ਨ ‘ਚ ਪੰਜਾਬ ‘ਚ ਬਹੁਤ ਸਾਰੀਆਂ ਮਿਠਾਈਆਂ ਦੀ ਖ਼ਪਤ ਹੁੰਦੀ ਹੈ ਅਤੇ ਨਾਲ ਹੀ ਚਲਦਾ ਹੈ ਫਾਸਟ ਫੂਡ। ਪਰ ਬਾਜ਼ਾਰ ਵਿਚ ਇਹ ਸਾਰੀਆਂ ਮਿਠਾਈਆਂ ਅਤੇ ਫਾਸਟ ਫੂਡ ਬਨਸਪਤੀ ਘਿਓ ਨਾਲ ਤਿਆਰ ਕੀਤੇ ਜਾ ਰਹੇ ਹਨ। ਪਰ ਇਹ ਮਠਿਆਈਆਂ ਜ਼ਰੂਰ ਸਾਡੇ ਸੁਆਦ ਨੂੰ ਵਧਾਉਂਦੀਆਂ ਹਨ ਪਰ ਸਾਡੀ ਸਿਹਤ ਨੂੰ ਵਿਗਾੜ ਵੀ ਸਕਦੀਆਂ ਹਨ। ਬਨਸਪਤੀ ਘਿਓ ਤੋਂ ਬਣੀਆਂ ਮਿਠਾਈਆਂ ਵਿਚ ਟਰਾਂਸ ਫੈਟ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ।
ਹਾਲਾਂਕਿ ਚੰਡੀਗੜ੍ਹ ਪੀਜੀਆਈ ਦੇ ਖੁਰਾਕ ਮਾਹਰਾਂ ਦੇ ਅਨੁਸਾਰ ਵਨਸਪਤੀ ਘਿਓ ਵਿੱਚ ਟ੍ਰਾਂਸ ਫੈਟ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਨਕਲੀ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ। ਇਹ ਟ੍ਰਾਂਸ ਫੈਟ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਵਧਦੀਆਂ ਹਨ। ਅਜਿਹੇ ਤਿਉਹਾਰਾਂ ਦੇ ਮੌਸਮ ਵਿੱਚ ਚੰਡੀਗੜ੍ਹ ਪੀਜੀਆਈ ਨੇ ਪੰਜਾਬ ਵਿੱਚ ਟ੍ਰਾਂਸ ਫੈਟ ਫ੍ਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇਸ ਤਿਉਹਾਰ ਦੇ ਮੌਸਮ ਵਿਚ ਮਾਰਕੀਟ ਵਾਲੀਆਂ ਮਿਠਾਈਆਂ ਤੋਂ ਪਰਹੇਜ਼ ਕਰਨ ਅਤੇ ਇਕ ਭਰੋਸੇਯੋਗ ਜਗ੍ਹਾ ਤੋਂ ਮਠਿਆਈਆਂ ਖਰੀਦਣ ਅਤੇ ਘਰਾਂ ‘ਚ ਵੀ ਬਨਸਪਤੀ ਘਿਓ ਵਰਤਣ ਤੋਂ ਪਹਿਲਾਂ ਟਰਾਂਸ ਫੈਟ ਦੀ ਮਾਤਰਾ ਦੀ ਜਾਂਚ ਕਰਨ ਲੈਣ। ਇਹ ਮਾਤਰਾ 5 ਤੋਂ ਵੱਧ ਨਹੀਂ ਹੋਣੀ ਚਾਹੀਦੀ।
ਚੰਡੀਗੜ੍ਹ ਪੀਜੀਆਈ ਦੇ ਫੂਡ ਮਾਹਰ ਦਾ ਕਹਿਣਾ ਹੈ ਕਿ ਟਰਾਂਸ ਫੈਟ ਕਾਰਨ ਬਿਮਾਰੀਆਂ ਨਿਰੰਤਰ ਵੱਧ ਰਹੀਆਂ ਹਨ ਅਤੇ ਇਨ੍ਹਾਂ ਬਿਮਾਰੀਆਂ ਵਿੱਚ ਪੰਜਾਬ ਸਭ ਤੋਂ ਅੱਗੇ ਹੈ। ਅਜਿਹੀ ਸਥਿਤੀ ਵਿੱਚ ਇਹ ਮੁਹਿੰਮ ਪੰਜਾਬ ਲਈ ਆਰੰਭ ਕੀਤੀ ਗਈ ਹੈ ਤਾਂ ਕਿ ਲੋਕ ਇਸ ਤਿਉਹਾਰ ਦੇ ਮੌਸਮ ਵਿੱਚ ਕਿਸੇ ਤਰ੍ਹਾਂ ਆਪਣੇ ਆਪ ਨੂੰ ਟਰਾਂਸ ਫੈਟ ਦੇ ਪ੍ਰਭਾਵਾਂ ਤੋਂ ਬਚਾ ਸਕਣ। ਅਜਿਹੇ ‘ਚ ਲੋਕਾਂ ਨੂੰ ਘਰਾਂ ਵਿੱਚ ਬਣੀਆਂ ਮਠਿਆਈਆਂ, ਸੁੱਕੇ ਮੇਵੇ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਨ੍ਹਾਂ ‘ਚ ਟਰਾਂਸ ਫੈਟ ਦੀ ਮਾਤਰਾ ਨਾ ਹੋਵੇ ਜਾਂ ਬਹੁਤ ਘੱਟ ਮਾਤਰਾ ਹੋਵੇ।