Winter Immunity boost foods: ਸਰਦੀਆਂ ਦੇ ਮੌਸਮ ‘ਚ ਖਾਣ ਪੀਣ ਦੀ ਮਾਤਰਾ ਵਧ ਜਾਂਦੀ ਹੈ। ਜ਼ਿਆਦਾ ਖਾਣ ਅਤੇ ਐਕਟੀਵਿਟੀ ਘੱਟ ਕਰਨ ਨਾਲ ਬਹੁਤ ਸਾਰੇ ਲੋਕ ਮੋਟਾਪੇ ਦੀ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ ‘ਚ ਛੋਟੀਆਂ ਮੋਟੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਵੇਂ ਸਰਦੀ, ਜ਼ੁਕਾਮ, ਬਦਹਜ਼ਮੀ, ਜੋੜਾਂ ‘ਚ ਦਰਦ ਆਦਿ। ਇਸ ਲਈ ਸਰਦੀਆਂ ਦੇ ਮੌਸਮ ‘ਚ ਸਾਡੀ ਇਮਊਨਿਟੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾ ਕੇ ਆਪਣੀ ਇਮਿਊਨਟੀ ਮਜ਼ਬੂਤ ਅਤੇ ਮੋਟਾਪੇ ਨੂੰ ਕੰਟਰੋਲ ਕਰਨ ਸਣੇ ਕਈ ਰੋਗ ਦੂਰ ਕਰ ਸਕਦੇ ਹਾਂ….
ਜੜ੍ਹ ਵਾਲੀਆਂ ਸਬਜ਼ੀਆਂ: ਸਰਦੀਆਂ ਦੇ ਮੌਸਮ ‘ਚ ਜੜ੍ਹ ਵਾਲੀਆਂ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਜਿਵੇਂ ਗਾਜਰ, ਚੁਕੰਦਰ, ਮੂਲੀ, ਸ਼ਲਗਮ, ਪਿਆਜ਼ ਆਦਿ ਇਹ ਸਭ ਜੜ੍ਹ ਵਾਲੀਆਂ ਸਬਜ਼ੀਆਂ ਹਨ। ਇਨ੍ਹਾਂ ਸਬਜ਼ੀਆਂ ਨਾਲ ਸਰੀਰ ਨੂੰ ਪ੍ਰੀਬਾਇਉਟਿਕ ਮਿਲਦਾ ਹੈ ਜਿਸ ਨਾਲ ਭਾਰ ਜਲਦੀ ਘੱਟਦਾ ਹੈ ਅਤੇ ਸਾਡੀ ਇਮਿਊਨਟੀ ਵਧਦੀ ਹੈ।
ਬਾਜਰਾ: ਵਜ਼ਨ ਘਟਾਉਣ ‘ਚ ਬਾਜਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ‘ਚ ਬਾਜਰੇ ਦਾ ਸੇਵਨ ਜ਼ਰੂਰ ਕਰੋ। ਬਾਜਰੇ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ।
ਘਿਓ ਦਾ ਸੇਵਨ: ਸਰਦੀਆਂ ਦੇ ਮੌਸਮ ‘ਚ ਘਿਓ ਸਰੀਰ ਨੂੰ ਅੰਦਰੋਂ ਗਰਮ ਰਖਦਾ ਹੈ ਕਿਉਂਕਿ ਘਿਓ ‘ਚ ਵਿਟਾਮਿਨ ਏ, ਡੀ, ਈ ਅਤੇ ਕੇ ਪਾਇਆ ਜਾਂਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ‘ਚ ਇਕ ਚਮਚ ਘਿਓ ਜ਼ਰੂਰ ਖਾਓ। ਦੇਸੀ ਘਿਓ ਸਾਡੇ ਸਰੀਰ ਦੇ ਮੈਟਾਬਲਿਜ਼ਮ ਨੂੰ ਸਹੀ ਰੱਖਦਾ ਹੈ ਅਤੇ ਸਾਡਾ ਪਾਚਨ ਤੰਤਰ ਸਹੀ ਤਰ੍ਹਾਂ ਕੰਮ ਕਰਦਾ ਹੈ।
ਮੂੰਗਫਲੀ ਖਾਓ: ਮੂੰਗਫਲੀ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਲਈ ਰੋਜ਼ਾਨਾ ਮੂੰਗਫਲੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਮੂੰਗਫਲੀ ਖ਼ਾਣ ਨਾਲ ਬਹੁਤ ਦੇਰ ਤਕ ਭੁੱਖ ਨਹੀਂ ਲੱਗਦੀ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ। ਇਸ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ ਕਿਉਂਕਿ ਮੂੰਗਫਲੀ ‘ਚ ਵਿਟਾਮਿਨ ਬੀ, ਅਮੀਨੋ ਐਸਿਡ ਅਤੇ ਪੌਲੀਫਿਨੌਲ ਹੁੰਦਾ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦਾ ਹੈ।
ਮੌਸਮੀ ਫ਼ਲ: ਸਰਦੀਆਂ ਦੇ ਮੌਸਮ ‘ਚ ਸੇਬ, ਸੰਤਰਾ, ਨਾਸ਼ਪਤੀ ਅਤੇ ਪਪੀਤੇ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਇਮਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ। ਇਨ੍ਹਾਂ ਫ਼ਲਾਂ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ।
ਤਿਲ ਦਾ ਸੇਵਨ: ਸਰਦੀਆਂ ਦੇ ਮੌਸਮ ‘ਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧ ਜਾਂਦਾ ਹੈ। ਇਸ ਲਈ ਆਪਣੀ ਡਾਈਟ ‘ਚ ਤਿਲ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਤਿਲ ਦਾ ਸੇਵਨ ਕਰਨ ਨਾਲ ਹਾਈਪਰਟੈਂਸ਼ਨ ਵੀ ਘੱਟ ਹੁੰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।