Former Himachal IG bail : ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਕੋਟਖਾਈ ਵਿੱਚ ਇੱਕ ਵਿਦਿਆਰਥਣ ਨਾਲ ਹੋਏ ਸਾਮੂਹਿਕ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਨਾਲ ਜੁੜੇ ਸੂਰਜ ਦੀ ਹਿਰਾਸਤ ਵਿੱਚ ਹੋਏ ਕਤਲ ਦੇ ਦੋਸ਼ੀ ਸਾਬਕਾ ਆਈਜੀ ਜ਼ਹੂਰ ਹੈਦਰ ਜੈਦੀ ਵੱਲੋਂ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਮੰਗ ਨੂੰ ਹਾਈਕੋਰਟ ਨੇ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ। ਇਸ ਤੋਂ ਪਹਿਲਾਂ ਜੈਦੀ ਨੇ ਜੇਲ੍ਹ ਵਿੱਚ ਕੋਰੋਨਾ ਇਨਫੈਕਸ਼ਨ ਦੇ ਡਰੋਂ ਪੇਸ਼ਗੀ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਜੁਲਾਈ ਮਹੀਨੇ ਵਿੱਚ ਖਾਰਿਜ ਕਰ ਦਿੱਤਾ ਸੀ। ਜੈਦੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਚੰਡੀਗੜ੍ਹ ਸੀਬੀਆਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕੀਤੇ ਜਾਣ ਦੀ ਹਾਈਕੋਰਟ ਤੋਂ ਮੰਗ ਕੀਤੀ ਸੀ, ਜਿਸ ਅਧੀਨ ਸੀਬੀਆਈ ਕੋਰਟ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਸੀ। ਇਹ ਪਟੀਸ਼ਨ ਫਰਵਰੀ ਵਿੱਚ ਦਾਇਰ ਕੀਤੀ ਗਈ ਸੀ, ਜਿਸ ’ਤੇ ਹਾਈਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।
ਇਸੇ ਦੌਰਾਨ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਾਈਕੋਰਟ ਵਿੱਚ ਕੰਮਕਾਜ ਬੰਦ ਹੋ ਗਿਆ ਤਾਂ ਜੈਦੀ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਕਿਹਾ ਕਿ ਇੱਕ ਤਾਂ ਉਹ ਪਹਿਲਾਂ ਹੀ ਹਾਈਪਰਟੈਂਸ਼ਨ ਅਤੇ ਡਿਸਲਿਪਿਡੇਮੀਆ ਦਾ ਮਰੀਜ਼ ਹੈ ਅਤੇ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਨਾਲ ਹੀ ਉਸ ਨੂੰ ਡਰ ਹੈ ਕਿ ਉਹ ਜੇਲ੍ਹ ਵਿੱਚ ਕੋਰੋਨਾ ਤੋਂ ਪੀੜਤ ਹੋ ਸਕਾਦ ਹੈ। ਇਸ ਅਰਜ਼ੀ ਨੂੰ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਸੀ। ਹੁਣ ਹਾਈਕੋਰਟ ਨੇ ਜੈਦੀ ਦੀ ਮੁੱਖ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਹੈ। ਇਹ ਮਾਮਲਾ ਹੁਣ ਚੰਡੀਗੜ੍ਹ ਦੀ ਸੀਬੀਆਈ ਕੋਰਟ ਵਿੱਚ ਚੱਲ ਰਿਹਾ ਹੈ। ਪਹਿਲਾਂ ਸਾਬਕਾ ਆਈਜੀ ਜੈਦੀ ਨੂੰ ਸੀਬੀਆਈ ਕੋਰਟ ਨੇ ਪੇਸ਼ਗੀ ਜ਼ਮਾਨਤ ਦਿੱਤੀ ਹੋਈ ਸੀ। ਸੀਬੀਆਈ ਨੇ ਸਾਬਕਾ ਆਈਜੀ ਜੈਦੀ ਦੀ ਪੇਸ਼ਗੀ ਜ਼ਮਾਨਤ ਖਾਰਿਜ ਕੀਤੇ ਜਾਣ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। 24 ਜਨਵਰੀ ਨੂੰ ਸੀਬੀਆਈ ਕੋਰਟ ਨੇ ਜੈਦੀ ਦੀ ਦਿੱਤੀ ਹੋਈ ਪੇਸ਼ਗੀ ਜ਼ਮਾਨਤ ਖਾਰਿਜ ਕਰ ਦਿੱਤੀ ਸੀ। ਸੀਬੀਆਈ ਕੋਰਟ ਦੇ ਇਸੇ ਫੈਸਲੇ ਨੂੰ ਹੁਣ ਆਈਜੀ ਜੈਦੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ।
ਇਹ ਹੈ ਮਾਮਲਾ : ਦੱਸਣਯੋਗ ਹੈ ਕਿ 4 ਜੁਲਾਈ 2017 ਨੂੰ ਕੋਟਕਾਈ ਦੇ ਇਕ ਸਕੂਲੀ ਵਿਦਿਆਰਥਣ ਨਾਲ ਜਬਰ-ਜ਼ਨਾਹ ਅਤੇ ਉਸ ਦੇ ਕਤਲ ਦੇ ਇਕ ਦੋਸ਼ੀ ਸਥਾਨਕ ਨੌਜਵਾਨ ਸੂਰਜ ਦੀ ਕੋਟਖਾਈ ਥਾਣੇ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਪੁਲਿਸ ਦੇ ਟਾਰਚਰ ਨਾਲ ਉਸ ਦੀ ਮੌਤ ਹੋਈ ਸੀ। ਮਾਮਲੇ ਵਿੱਚ ਸੀਬੀਆਈ ਨੇ ਆਈਜੀ ਜ਼ਹੂਰ ਹੈਦਰ ਜੈਦੀ ਸਣੇ ਕੁਲ ਨੌ ਲੋਕਾਂ ਨੂੰ ਦੋਸ਼ੀ ਬਣਾਆਇ ਸੀ। ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਕੇਸ ਕੇਸ ਦੀ ਹੁਣ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।