Sealed areas adjacent to Paonta Sahib : ਨਾਹਨ : ਪਾਉਂਟਾ ਸਾਹਿਬ ਉਪਮੰਡਲ ਦੇ ਬਦਰੀਪੁਰ ਵਿਚ ਬੀਤੇ ਵੀਰਵਾਰ ਨੂੰ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਬਦਰੀਪੁਰ ਦੇ ਨਾਲ ਲੱਗਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਕੌਮੀ ਉੱਚ ਮਾਰਗ 72 (ਵਾਰਡ ਨੰ.1) ਦਾ ਖੇਮਜੀ ਢਾਬੇ ਤੋਂ ਲੈ ਕੇ ਰਘੁਵੀਰ ਸਿੰਘ ਦੇ ਘਰ ਤੱਕ ਦਾ ਸਾਰਾ ਇਲਾਕਾ ਤੇ ਐਨਐਚ 72 (ਵਾਰਡ ਨੰਬਰ 2) ਵਿਚ ਕਾਪ੍ਰੇਟਿਵ ਬੈਂਕ ਦੀ ਨੇੜਲੀ ਗਲੀ ਤੋਂ ਸਿੰਗਲਾ ਪ੍ਰਡਰ ਜਨਰਲ ਸਟੋਰ ਤੱਕ ਵਾਰਡ ਨੰਬਰ 2 ਬਦਰੀਪੁਰ ਪਾਉਂਟਾ ਸਾਹਿਬ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਡਾ. ਆਰ. ਕੇ. ਪਰੁਥੀ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਐਮਰਜੈਂਸੀ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ ਅਤੇ ਇਕ ਥਾਂ ’ਤੇ ਲੋਕਾਂ ਨੂੰ ਇਕੱਠਾ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਇਨ੍ਹਾਂ ਹੱਦਾਂ ਅੰਦਰ ਸਮਾਰੋਹ, ਪ੍ਰਦਰਸ਼ਨ, ਮੀਟਿੰਗਾਂ ਆਦਿ ਦਾ ਆਯੋਜਨ ਨਹੀਂ ਕਰੇਗਾ। ਸੀਲ ਕੀਤੇ ਗਏ ਇਲਾਕਿਆਂ ਵਿਚ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਵਣਜ ਸੰਸਥਾਵਾਂ ਵੀ ਬੰਦ ਰਹਿਣਗੀਆਂ। ਕੰਟੇਨਮੈਂਟ ਜ਼ੋਨ ਵਿਚ ਸਥਿਤ ਸਾਰੇ ਬੈਂਕ, ਸਾਰੀਆਂ ਵਪਾਰਕ ਸਰਗਰਮੀਆਂ ਅਤੇ ਹੋਰ ਸੰਸਥਾਵਾਂ ਵੀ ਬੰਦ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਸਬੰਧਤ ਵਾਰਡ ਦੇ ਕੌਂਸਲਰ ਅਤੇ ਕਾਰਜਕਾਰੀ ਅਧਿਕਾਰੀ ਨਗਰ ਪ੍ਰੀਸ਼ਦ ਪਾਉਂਟਾ ਸਾਹਿਬ ਦੀ ਮਦਦ ਨਾਲ ਘਰ ’ਚ ਹੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ ਅੰਦਰ ਅਧਿਕਾਰਤ ਵਿਅਕਤੀ ਅਤੇ ਵਾਹਨ ਤੋਂ ਇਲਾਵਾ ਕੋਈ ਵਿਅਕਤੀ ਨਹੀਂ ਜਾਏਗਾ। ਇਸ ਦੇ ਨਾਲ ਹੀ ਕੰਟੇਨਮੈਂਟ ਜ਼ੋਨ ਵਿਚ ਕਾਰਜਕਾਰੀ ਅਧਿਕਾਰੀ ਨਗਰ ਪ੍ਰੀਸ਼ਦ ਪਾਉਂਟਾ ਸਾਹਿਬ ਵੱਲੋਂ ਰੈਗੂਲਰ ਸੈਨੀਟਾਈਜ਼ੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਕਾਰੀ ਦਫਤਰ ਜ਼ਰੂਰੀ ਸਾਵਧਾਨੀਆਂ ਦੇ ਨਾਲ ਖੁੱਲ੍ਹੇ ਰਹਿਣਗੇ।